ਨਿਰਾਸ਼ ਅਫਰੀਕੀਆਂ ਵਿਰੁੱਧ ਵਿੰਡੀਜ਼ ਨੂੰ ਵਾਪਸੀ ਦਾ ਭਰੋਸਾ

06/10/2019 2:24:17 AM

ਸਾਊਥੰਪਟਨ— ਸਖਤ ਸੰਘਰਸ਼ ਦੇ ਬਾਵਜੂਦ ਆਸਟਰੇਲੀਆ ਤੋਂ ਪਿਛਲਾ ਮੈਚ ਗੁਆਉਣ ਤੋਂ ਬਾਅਦ ਵੈਸਟਇੰਡੀਜ਼ ਕ੍ਰਿਕਟ ਟੀਮ ਸੋਮਵਾਰ ਨੂੰ ਹਾਰ ਦੀ ਹੈਟ੍ਰਿਕ ਲਾ ਚੁੱਕੀ ਦੱਖਣੀ ਅਫਰੀਕਾ ਵਿਰੁੱਧ ਆਈ. ਸੀ. ਸੀ. ਵਿਸ਼ਵ ਕੱਪ ਵਿਚ ਵਾਪਸੀ ਦੇ ਟੀਚੇ ਨਾਲ ਉਤਰੇਗੀ।
ਵੈਸਟਇੰਡੀਜ਼ ਨੇ ਆਸਟਰੇਲੀਆ ਤੋਂ ਪਿਛਲਾ ਮੈਚ 15 ਦੌੜਾਂ ਨਾਲ ਗੁਆਇਆ ਸੀ। ਚੰਗੀ ਸ਼ੁਰੂਆਤ ਅਤੇ ਦਮਦਾਰ ਪ੍ਰਦਰਸ਼ਨ ਦੇ ਬਾਵਜੂਦ ਕਈ ਖਰਾਬ ਅੰਪਾਇਰਿੰਗ ਫੈਸਲਿਆਂ ਨਾਲ ਉਹ ਜਿੱਤ ਹਾਸਲ ਕਰਨ ਤੋਂ ਖੁੰਝ ਗਈ। ਵਿੰਡੀਜ਼ ਨੇ ਵਿਸ਼ਵ ਕੱਪ 'ਚ ਪਾਕਿਸਤਾਨ ਵਿਰੁੱਧ 7 ਵਿਕਟਾਂ ਦੀ ਜਿੱਤ ਨਾਲ ਧਮਾਕੇਦਾਰ ਸ਼ੁਰੂਆਤ ਕੀਤੀ ਸੀ ਪਰ ਦੂਜੇ ਮੁਕਾਬਲੇ 'ਚ ਉਹ ਪਟੜੀ ਤੋਂ ਉਤਰ ਗਈ। 
ਦੂਜੇ ਪਾਸੇ ਦੱਖਣੀ ਅਫਰੀਕਾ ਹੁਣ ਟੂਰਨਾਮੈਂਟ 'ਚ ਲਗਾਤਾਰ ਤਿੰਨ ਮੈਚ ਹਾਰ ਕੇ ਸੈਮੀਫਾਈਨਲ ਦੀ ਦੌੜ ਵਿਚੋਂ ਹੀ ਬਾਹਰ ਹੋਣ ਦੇ ਕੰਢੇ 'ਤੇ ਹੈ। ਉਸ ਨੂੰ ਪਹਿਲੇ ਮੈਚ ਵਿਚ ਇੰਗਲੈਂਡ ਨੇ 104 ਦੌੜਾਂ ਨਾਲ ਹਰਾਇਆ, ਜਦਕਿ ਦੂਜੇ ਮੈਚ ਵਿਚ ਕਮਜ਼ੋਰ ਮੰਨੀ ਜਾ ਰਹੀ ਬੰਗਲਾਦੇਸ਼ ਨੇ 21 ਦੌੜਾਂ ਨਾਲ ਉਲਟਫੇਰ ਦਾ ਸ਼ਿਕਾਰ ਬਣਾ ਲਿਆ। ਤੀਜੇ ਮੈਚ ਵਿਚ ਉਸ ਨੂੰ ਭਾਰਤ ਹੱਥੋਂ 6 ਵਿਕਟਾਂ ਨਾਲ ਹਾਰ ਦਾ ਸਾਮਹਣਾ ਕਰਨਾ ਪਿਆ। ਆਈ. ਸੀ. ਸੀ. ਟੂਰਨਾਮੈਂਟਾਂ ਵਿਚ ਹਮੇਸ਼ਾ ਤੋਂ ਚੋਕਰਸ ਰਹੀ ਅਫਰੀਕੀ ਟੀਮ ਨੂੰ ਹੁਣ ਆਪਣੀ ਦਾਅਵੇਦਾਰੀ ਬਰਕਰਾਰ ਰੱਖਣ ਲਈ ਬਾਕੀ ਸਾਰੇ ਮੈਚਾਂ ਨੂੰ ਜਿੱਤਣਾ ਪਵੇਗਾ।
ਫਾਫ ਡੂ ਪਲੇਸਿਸ ਦੀ ਕਪਤਾਨੀ ਵਾਲੀ ਟੀਮ ਹਾਲਾਂਕਿ ਵਿਸ਼ਵ ਕੱਪ ਵਿਚ ਹਾਰ ਦੀ ਹੈਟ੍ਰਿਕ ਲਾਉਣ ਤੋਂ ਬਾਅਦ ਭਾਰੀ ਦਬਾਅ 'ਚ ਹੈ ਅਤੇ ਇਸ ਦਾ ਫਾਇਦਾ ਵੈਸਟਇੰਡੀਜ਼ ਨੂੰ ਮਿਲ ਸਕਦਾ ਹੈ। ਅਫਰੀਕੀ ਟੀਮ ਖਿਡਾਰੀਆਂ ਦੀਆਂ ਸੱਟਾਂ ਨਾਲ ਵੀ ਜੂਝ ਰਹੀ ਹੈ। ਤਜਰਬੇਕਾਰ ਤੇਜ਼ ਗੇਂਦਬਾਜ਼ ਡੇਲ ਸਟੇਨ ਟੂਰਨਾਮੈਟ ਵਿਚੋਂ ਹੀ ਬਾਹਰ ਹੋ ਗਿਆ ਹੈ ਅਤੇ ਲੂੰਗੀ ਇਨਗਿਡੀ ਅਨਫਿਟ ਹੈ ਅਤੇ ਉਸ ਦਾ ਖੇਡਣਾ ਸ਼ੱਕੀ ਹੈ। ਟੀਮ ਦੇ ਗੇਂਦਬਾਜ਼ਾਂ ਅਤੇ ਬੱਲੇਬਾਜ਼ਾਂ ਦੋਵਾਂ ਨੂੰ ਹੀ ਹੁਣ ਵਿਅਕਤੀਗਤ ਤੌਰ 'ਤੇ ਯੋਗਦਾਨ ਦੇਣਾ ਪਵੇਗਾ।
ਦੂਜੇ ਪਾਸੇ ਵਿੰਡੀਜ਼ ਵੀ ਟ੍ਰੈਂਟਬ੍ਰਿਜ ਵਿਚ ਮਿਲੀ ਨੇੜਲੀ ਹਾਰ ਤੋਂ ਬਾਅਦ ਦਬਾਅ ਵਿਚ ਦਿਸ ਰਹੀ ਹੈ ਅਤੇ ਇਸ ਹਾਰ ਤੋਂ ਉੱਭਰਨ ਦੀ ਕੋਸ਼ਿਸ਼ ਕਰੇਗੀ। ਆਸਟਰੇਲੀਆ ਵਿਰੁੱਧ ਵਿੰਡੀਜ਼ ਦੀ ਸ਼ੁਰੂਆਤ ਬਿਹਤਰੀਨ ਰਹੀ ਸੀ ਅਤੇ ਸਿਰਫ 79 ਦੌੜਾਂ 'ਤੇ ਉਸ ਨੇ ਵਿਰੋਧੀ ਟੀਮ ਦੀਆਂ 5 ਵਿਕਟਾਂ ਲੈ ਕੇ ਉਸ ਨੂੰ ਦਬਾਅ 'ਚ ਲਿਆ ਦਿੱਤਾ ਸੀ।
ਪਰ ਵਿਚਾਲੇ ਦੇ ਓਵਰਾਂ ਵਿਚ ਉਸ ਦੇ ਗੇਂਦਬਾਜ਼ਾਂ ਦਾ ਮਹਿੰਗਾ ਪ੍ਰਦਰਸ਼ਨ ਅਤੇ ਟੀਚੇ ਦਾ ਪਿੱਛਾ ਕਰਨ ਦੌਰਾਨ ਬੱਲੇਬਾਜ਼ਾਂ ਦੀ ਖਰਾਬ ਸ਼ਾਟ ਚੋਣ ਵੀ ਉਸ ਦੀ ਹਾਰ ਦੀ ਵਜ੍ਹਾ ਬਣਿਆ ਅਤੇ ਉਸ ਨੂੰ ਪਟੜੀ 'ਤੇ ਪਰਤਣ ਲਈ ਇਨ੍ਹਾਂ ਵਿਭਾਗਾਂ 'ਚ ਸੁਧਾਰ ਦੀ ਲੋੜ ਹੋਵੇਗੀ।

Gurdeep Singh

This news is Content Editor Gurdeep Singh