ਫੈਡਰਰ-ਗੋਫਿਨ ਤੇ ਦਿਮਿਤ੍ਰੋਵ-ਸਾਕ ਵਿਚਾਲੇ ਹੋਵੇਗਾ ਮੁਕਾਬਲਾ

11/19/2017 4:30:58 AM

ਲੰਡਨ— ਸਾਲ ਦਾ ਆਖਰੀ ਟੂਰਨਾਮੈਂਟ ਏ. ਟੀ. ਪੀ. ਵਰਲਡ ਟੂਰ ਫਾਈਨਲਸ ਹੁਣ ਆਪਣੇ ਆਖਰੀ ਪੜਾਅ 'ਤੇ ਪਹੁੰਚ ਚੁੱਕਾ ਹੈ, ਜਿਥੇ ਵਿਸ਼ਵ ਦਾ ਦੂਜੇ ਨੰਬਰ ਦਾ ਖਿਡਾਰੀ ਰੋਜਰ ਫੈਡਰਰ ਆਪਣੇ  ਰਿਕਾਰਡ ਸੱਤਵੇਂ ਖਿਤਾਬ ਲਈ ਡੇਵਿਡ ਗੋਫਿਨ ਨਾਲ, ਜਦਕਿ ਅਮਰੀਕਾ ਦਾ ਜੈਕ ਸਾਕ ਬੁਲਗਾਰੀਆ ਦੇ ਗ੍ਰਿਗੋਰ ਦਿਮਿਤ੍ਰੋਵ ਨਾਲ ਸੈਮੀਫਾਈਨਲ ਵਿਚ ਭਿੜੇਗਾ। ਗੋਫਿਨ ਨੇ ਡਾਮਿਨਿਕ ਥਿਏਮ ਨੂੰ ਆਸਾਨ ਸੈੱਟਾਂ ਵਿਚ 6-4, 6-1 ਨਾਲ ਹਰਾ ਕੇ ਸੈਮੀਫਾਈਨਲ ਵਿਚ ਪ੍ਰਵੇਸ਼ ਕਰ ਲਿਆ, ਜਿਥੇ ਉਸ ਨੇ 6 ਵਾਰ ਦੇ ਚੈਂਪੀਅਨ ਸਵਿਟਜ਼ਰਲੈਂਡ ਦੇ ਫੈਡਰਰ ਨਾਲ ਆਪਣਾ ਮੁਕਾਬਲਾ ਤੈਅ ਕੀਤਾ ਹੈ। 
ਇਕ ਹੋਰ ਮੁਕਾਬਲੇ 'ਚ ਛੇਵੇਂ ਨੰਬਰ ਦੇ ਖਿਡਾਰੀ ਦਿਮਿਤ੍ਰੋਵ ਨੇ ਪਾਬਲੋ ਕਾਰੀਨੋ ਨੂੰ 6-1, 6-1 ਨਾਲ ਹਰਾਇਆ, ਜਿਹੜੀ ਉਸ ਦੀ ਗਰੁੱਪ ਵਿਚ ਲਗਾਤਾਰ ਤੀਜੀ ਜਿੱਤ ਹੈ। ਕਾਰੀਨੋ ਨੂੰ ਨਡਾਲ ਦੀ ਜਗ੍ਹਾ ਮਿਲੀ ਸੀ, ਜਿਹੜਾ ਰਾਊਂਡ ਰੌਬਿਨ ਮੈਚ ਵਿਚ ਗੋਫਿਨ ਤੋਂ ਹਾਰ ਤੋਂ ਬਾਅਦ ਹਟ ਗਿਆ ਸੀ। ਹੁਣ ਉਹ ਸਾਕ ਨਾਲ ਭਿੜੇਗਾ।
ਏ. ਟੀ. ਪੀ. ਫਾਈਨਲਸ ਵਿਚ ਗੋਫਿਨ, ਸਾਕ ਤੇ ਦਿਮਿਤ੍ਰੋਵ ਪਹਿਲੀ ਵਾਰ ਟੂਰਨਾਮੈਂਟ ਦੇ ਸੈਮੀਫਾਈਨਲ 'ਚ ਪਹੁੰਚੇ ਹਨ। ਇਸ ਤੋਂ ਪਹਿਲਾਂ ਸਾਲ 2008 'ਚ ਐਂਡੀ ਮਰੇ, ਨੋਵਾਕ ਜੋਕੋਵਿਚ ਤੇ ਜਾਈਲਸ ਸਿਮੋਨ ਤਿੰਨ ਖਿਡਾਰੀ ਸਨ, ਜਿਹੜੇ ਪਹਿਲੀ ਵਾਰ ਵਰਲਡ ਟੂਰ ਫਾਈਨਲਸ 'ਚ ਪਹੁੰਚੇ ਸਨ।