ਪਾਪੂਲਰ ਚੁਆਇਸ ਐਵਾਰਡ ਲਈ ਸਿੰਧੂ ਤੇ ਬੁਮਰਾਹ ਵਿਚਾਲੇ ਮੁਕਾਬਲਾ

11/08/2017 3:37:55 AM

ਮੁੰਬਈ— ਰੀਓ ਓਲੰਪਿਕ 'ਚ ਚਾਂਦੀ ਤਮਗਾ ਜਿੱਤ ਕੇ ਇਤਿਹਾਸ ਬਣਾਉਣ ਵਾਲੀ ਬੈਡਮਿੰਟਨ ਸਟਾਰ ਪੀ. ਵੀ. ਸਿੰਧੂ ਤੇ ਭਾਰਤੀ ਕ੍ਰਿਕਟ ਟੀਮ ਦੇ ਮੁੱਖ ਗੇਂਦਬਾਜ਼ ਬਣ ਚੁੱਕੇ ਜਸਪ੍ਰੀਤ ਬੁਮਰਾਹ ਵਿਚਾਲੇ ਪਹਿਲੇ ਭਾਰਤੀ ਖੇਡ ਪੁਰਸਕਾਰਾਂ 'ਚ ਪਾਪੂਲਰ  ਚੁਆਇਸ ਐਵਾਰਡਸ ਵਿਚ  'ਪਲੇਅਰ ਆਫ ਦਿ ਯੀਅਰ' (ਗੇਮ ਚੇਂਜਰ ਮੋਮੈਂਟ) ਲਈ ਮੁਕਾਬਲਾ ਹੋਵੇਗਾ।
ਪਹਿਲੇ ਭਾਰਤੀ ਖੇਡ ਪੁਰਸਕਾਰ 11 ਨਵੰਬਰ ਨੂੰ ਮੁੰਬਈ 'ਚ ਦਿੱਤੇ ਜਾਣਗੇ।  ਇਨ੍ਹਾਂ ਪੁਰਸਕਾਰਾਂ ਲਈ 1 ਅਗਸਤ 2016 ਤੋਂ 31 ਜੁਲਾਈ 2017 ਤਕ ਦੀ ਮਿਆਦ ਰੱਖੀ ਗਈ ਹੈ। ਆਯੋਜਕਾਂ ਨੇ ਪਾਪੂਲਰ ਚੁਆਇਸ ਐਵਾਰਡ ਲਈ ਪੰਜ ਵਰਗਾਂ 'ਚ ਨਾਮਜ਼ਦਗੀਆਂ ਦਾ ਮੰਗਲਵਾਰ ਐਲਾਨ ਕੀਤਾ। 'ਪਲੇਅਰ ਆਫ ਦਿ ਯੀਅਰ' ਲਈ ਚਾਰ ਧਾਕੜ ਖਿਡਾਰੀਆਂ ਵਿਚਾਲੇ ਦਿਲਚਸਪ ਮੁਕਾਬਲਾ ਹੈ। ਰੀਓ ਓਲੰਪਿਕ ਦੀ ਚਾਂਦੀ ਤਮਗਾ ਜੇਤੂ ਸਿੰਧੂ, ਤੇਜ਼ ਗੇਂਦਬਾਜ਼ ਬੁਮਰਾਹ, ਭਾਰਤੀ ਫੁੱਟਬਾਲ ਕਪਤਾਨ ਤੇ ਦੇਸ਼ ਦਾ ਟਾਪ ਸਕੋਰਰ ਸੁਨੀਲ ਸ਼ੇਤਰੀ ਤੇ ਕਬੱਡੀ ਖਿਡਾਰੀ ਅਜੇ ਠਾਕੁਰ ਇਸ ਪੁਰਸਕਾਰ ਦੀ ਦੌੜ 'ਚ ਸ਼ਾਮਲ ਹਨ। 
'ਬ੍ਰੇਕਥਰੂ ਪ੍ਰਫਾਰਮੈਂਸ ਆਫ ਦਿ ਯੀਅਰ' ਲਈ ਆਲਰਾਊਂਡਰ ਹਾਰਦਿਕ ਪੰਡਯਾ ਦੀ ਪਾਕਿਸਤਾਨ ਵਿਰੁੱਧ ਵਿਸ਼ਵ ਚੈਂਪੀਅਨਸ਼ਿਪ 'ਚ ਖੇਡੀ ਗਈ ਪਾਰੀ, ਮਹਿਲਾ ਕ੍ਰਿਕਟਰ ਹਰਮਨਪ੍ਰੀਤ ਕੌਰ ਦੀ ਵਿਸ਼ਵ ਕੱਪ ਵਿਚ ਆਸਟ੍ਰੇਲੀਆ ਵਿਰੁੱਧ 171 ਦੌੜਾਂ ਦੀ ਪਾਰੀ, ਜਿਮਨਾਸਟ ਦੀਪਾ ਕਰਮਾਕਰ ਦਾ ਰੀਓ ਵਿਚ ਚੌਥਾ ਸਥਾਨ ਹਾਸਲ ਕਰਨਾ ਤੇ ਫੁੱਟਬਾਲਰ ਸੰਦੇਸ਼ ਝਿੰਗਨ ਦੌੜ 'ਚ ਹਨ। 'ਕਮਬੈਕ ਆਫ ਦਿ ਯੀਅਰ' ਲਈ ਬੈਡਮਿੰਟਨ ਸਟਾਰ ਸਾਇਨਾ ਨੇਹਵਾਲ, ਹਾਕੀ ਖਿਡਾਰੀ ਅਮਿਤ ਰੋਹਿਦਾਸ, ਕ੍ਰਿਕਟਰ ਕੇਦਾਰ ਜਾਧਵ ਤੇ ਕਬੱਡੀ ਖਿਡਾਰੀ ਅਜੇ ਠਾਕੁਰ ਵਿਚਾਲੇ ਮੁਕਾਬਲਾ ਹੈ।