ਕਾਮਨਵੈਲਥ ਸ਼ਤਰੰਜ ਚੈਂਪੀਅਨਸ਼ਿਪ : ਵੈਭਵ ਅਤੇ ਸਵਪਨਿਲ ਸੰਯੁਕਤ ਬੜ੍ਹਤ ''ਤੇ

07/07/2017 6:25:48 PM

ਨਵੀਂ ਦਿੱਲੀ— ਕਾਮਨਵੈਲਥ ਸ਼ਤਰੰਜ ਚੈਂਪੀਅਨਸ਼ਿਪ ਵਿਚ ਅਜੇ ਤੱਕ ਹੋਏ ਚਾਰ ਰਾਊਂਡ ਦੇ ਬਾਅਦ ਭਾਰਤ ਦੇ ਦੋ ਗ੍ਰਾਂਡ ਮਾਸਟਰਸ ਸਵਪਨਿਲ ਧੋਪੜੇ ਅਤੇ ਵੈਭਵ ਸੂਰੀ ਨੇ ਆਪਣੇ ਚਾਰੇ ਮੈਚ ਜਿੱਤ ਕੇ ਸੰਯੁਕਤ ਬੜ੍ਹਤ ਬਣਾ ਲਈ ਹੈ। ਇਸ ਤੋਂ ਪਹਿਲਾਂ ਤੀਜੇ ਰਾਊਂਡ ਵਿਚ ਅਭੀਜੀਤ ਗੁਪਤਾ ਨੇ ਨੁਬੇਰ ਸ਼ੇਖ ਨੂੰ ਤਾਂ ਅਰਵਿੰਦ ਚਿਤਾਂਬਰਮ ਨੇ ਆਸਟਰੇਲੀਆ ਦੇ ਰਿਸ਼ੀ ਸਰਦਾਨਾ ਨਾਲ ਡਰਾਅ ਖੇਡਿਆ ਅਤੇ ਅੱਧਾ ਅੰਕ ਗੁਆਉਣ ਦੀ ਵਜ੍ਹਾ ਨਾਲ ਦੋਵੇਂ ਹੀ ਦੂਜੇ ਸਥਾਨ ਤੇ ਖਿਸਕ ਗਏ ਹਾਲਾਂਕਿ ਚੌਥੇ ਰਾਊਂਡ ਵਿਚ ਅਭੀਜੀਤ ਨੇ ਬੰਗਲਾਦੇਸ਼ੀ ਧਾਕੜ ਨੀਆਜ਼ ਮੁਰਸ਼ਿਦ ਨੂੰ ਹਰਾਉਂਦੇ ਹੋਏ ਜਦਕਿ ਅਰਵਿੰਦ ਨੇ ਨੁਬੇਰ ਨੂੰ ਪਿੱਛੇ ਛੱਡਦੇ ਹੋਏ ਵਾਪਸੀ ਕੀਤੀ। ਅਗਲੇ ਰਾਊਂਡ 'ਚ ਜਦੋਂ ਸਵਪਨਿਲ ਅਤੇ ਵੈਭਵ ਆਪਸ 'ਚ ਟਕਰਾਉਣਗੇ ਤਾਂ ਦੇਖਣਾ ਹੋਵੇਗਾ ਕਿ ਕਿਸਦਾ ਪਲੜਾ ਭਾਰੀ ਪੈਂਦਾ ਹੈ। ਆਪਣੇ ਘਰ ਦਿੱਲੀ ਵਿਚ ਖੇਡ ਰਹੇ ਵੈਭਵ ਜਾਂ ਫਿਰ ਰੇਲਵੇ ਦੇ ਸਵਪਨਿਲ!

ਹੈਰਾਨ ਕਰਨ ਵਾਲੇ ਨਤੀਜਿਆਂ ਦੀ ਗੱਲ ਕਰੀਏ ਤਾਂ ਭਾਰਤ ਦੀ 16 ਸਾਲਾ ਬਾਲਿਕਾ ਖਿਡਾਰਨ ਕੇ. ਪ੍ਰਿਅੰਕਾਂ ਦਾ ਪ੍ਰਦਰਸ਼ਨ ਸਾਰਿਆਂ ਨੂੰ ਹੈਰਾਨ ਕਰ ਰਿਹਾ ਹੈ। ਦੂਜੇ ਰਾਊਂਡ ਵਿਚ ਪਦਮਿਨੀ ਰਾਊਤ ਨੂੰ ਹਰਾ ਕੇ ਉਲਟਫੇਰ ਕਰਨ ਵਾਲੀ ਪ੍ਰਿਅੰਕਾਂ ਨੇ ਤੀਜੇ ਰਾਊਂਡ ਵਿਚ ਇੰਟਰਨੈਸ਼ਨਲ ਮਾਸਟਰ ਸੀ.ਆਰ.ਜੀ. ਕ੍ਰਿਸ਼ਨਾ ਨੂੰ ਹਰਾਇਆ ਤਾਂ ਚੌਥੇ ਰਾਊਂਡ ਵਿਚ ਗ੍ਰਾਂਡ ਮਾਸਟਰ ਅੰਕਿਤ ਰਾਜਪਾਰਾ ਨੂੰ ਡਰਾਅ ਖੇਡਣ ਲਈ ਮਜਬੂਰ ਕਰ ਦਿੱਤਾ। ਫਿਲਹਾਲ ਉਨ੍ਹਾਂ ਦਾ ਪ੍ਰਦਰਸ਼ਨ 2485 ਰੇਟਿੰਗ ਦਾ ਹੈ ਜੋ ਉਨ੍ਹਾਂ ਦੀ ਅਜੇ ਤੱਕ ਦੀ ਰੇਟਿੰਗ 2081 ਤੋਂ ਕਿਤੇ ਜ਼ਿਆਦਾ ਹੈ ਅਤੇ ਫਿਲਹਾਲ ਮਹਿਲਾ ਵਰਗ ਵਿਚ ਉਹ ਪਹਿਲੇ ਸਥਾਨ 'ਤੇ ਚਲ ਰਹੀ ਹੈ। ਜਦਕਿ ਪਦਮਿਨੀ ਰਾਊਤ ਨੂੰ ਚੌਥੇ ਰਾਊਂਡ ਵਿਚ ਦੂਜੀ ਹਾਰ ਦਾ ਸਾਹਮਣਾ ਕਰਨਾ ਪਿਆ। ਅੱਜ ਫਿਰ ਉਨ੍ਹਾਂ ਨੂੰ 45ਵੇਂ ਦਰਜਾ ਪ੍ਰਾਪਤ ਇੰਦਰ ਜੀਤ ਮਹਿੰਦਰ ਨੇ ਹਰਾਇਆ। ਕਿਟ ਇੰਟਰਨੈਸ਼ਨਲ ਦੇ ਬਾਅਦ ਭਾਰਤ ਵਿਚ ਉਨ੍ਹਾਂ ਦੀ ਖਰਾਬ ਲੈਅ ਖਤਮ ਹੀ ਨਹੀਂ ਹੋ ਰਹੀ ਹੈ। ਉਮੀਦ ਹੈ ਕਿ ਉਹ ਛੇਤੀ ਵਾਪਸੀ ਕਰੇਗੀ। ਪਿਛਲੇ ਵਾਰ ਦੀ ਜੇਤੂ ਤਾਨੀਆ ਸਚਦੇਵ ਵੀ ਇਕ ਹੋਰ ਡਰਾਅ ਦੇ ਨਾਲ ਫਿਲਹਾਲ ਕਾਫੀ ਪਿੱਛੇ ਚੱਲ ਰਹੀ ਹੈ।