ਰਾਸ਼ਟਰਮੰਡਲ ਤੇ ਓਲੰਪਿਕ ਅਗਲਾ ਟੀਚਾ : ਸੁਧਾ

07/11/2017 4:37:35 AM

ਨਵੀਂ ਦਿੱਲੀ— 3000 ਮੀਟਰ ਸਟੀਪਲਚੇਜ਼ ਵਿਚ ਸੋਨ ਤਮਗਾ ਜੇਤੂ ਸੁਧਾ ਸਿੰਘ ਦੀਆਂ ਨਜ਼ਰਾਂ ਹੁਣ 2018 ਦੀਆਂ ਰਾਸ਼ਟਰਮੰਡਲ ਖੇਡਾਂ ਤੇ 2020 ਦੀਆਂ ਓਲੰਪਿਕ ਖੇਡਾਂ 'ਤੇ ਟਿਕ ਗਈਆਂ ਹਨ। ਗੋਲਡਨ ਗਰਲ ਦੇ ਨਾਂ ਨਾਲ ਮਸ਼ਹੂਰ ਰਾਇਬਰੇਲੀ ਦੀ ਇਸ ਲੜਕੀ ਨੇ ਜੂਨ ਦੇ ਪਹਿਲੇ ਹਫਤੇ ਵਿਚ 21ਵੇਂ ਫੈੱਡਰੇਸ਼ਨ ਕੱਪ ਸੀਨੀਅਰ ਐਥਲੈਟਿਕਸ ਵਿਚ ਗੋਲਡ ਮੈਡਲ ਹਾਸਲ ਕੀਤਾ ਸੀ, ਜਦਕਿ ਸ਼ਨੀਵਾਰ ਨੂੰ ਆਪਣੇ ਪਿਛਲੇ ਪ੍ਰਦਰਸ਼ਨ ਨੂੰ ਦੁਹਰਾਉਂਦਿਆਂ ਇਹ ਕਾਮਯਾਬੀ ਹਾਸਲ ਕੀਤੀ।
ਸੁਧਾ ਨੇ ਕਿਹਾ ਕਿ ਆਪਣੀ ਇਸ ਕਾਮਯਾਬੀ ਦਾ ਸਿਹਰਾ ਟ੍ਰੇਨਰ ਡਾਕਟਰ ਨਿਕੋਲਾਈ ਤੇ ਰੇਮੂ ਕੋਹਲੀ ਨੂੰ ਦੇਣਾ ਚਾਹੁੰਦੀ ਹਾਂ। ਉਨ੍ਹਾਂ ਨੇ ਮੇਰੀ ਸਫਲਤਾ ਵਿਚ ਵੱਡਾ ਯੋਗਦਾਨ ਦਿੱਤਾ। ਮੈਦਾਨ 'ਤੇ ਉਤਰਨ ਤੋਂ ਪਹਿਲਾਂ ਮੈਂ ਪੂਰੀ ਤਰ੍ਹਾਂ ਆਸਵੰਦ ਸੀ ਕਿ ਇਸ ਵਾਰ ਗੋਲਡ ਜਿੱਤਣਾ ਹੈ। ਉਂਝ ਵੀ ਹੋਮ ਗਰਾਊਂਡ 'ਤੇ ਗੋਲਡ ਨਾ ਜਿੱਤਦੀ ਤਾਂ ਕਾਫੀ ਨਿਰਾਸ਼ਾ ਹੁੰਦੀ। ਹੁਣ ਮੇਰੀਆਂ ਨਜ਼ਰਾਂ ਕਾਮਨਵੈਲਥ ਤੇ ਓਲੰਪਿਕ ਖੇਡਾਂ 'ਤੇ ਲੱਗੀਆਂ ਹਨ। ਇਸ ਜਿੱਤ ਲਈ ਸਾਰਿਆਂ ਦਾ ਧੰਨਵਾਦ।