ਕੋਚ ਫਲੈਮਿੰਗ ਨੇ ਮੰਨਿਆ, ਹੁਣ ਵੱਧ ਉਮਰ ਦੇ ਖਿਡਾਰੀਆਂ ਵਾਲੀ ਟੀਮ ''ਚ ਹੈ ਬਦਲਾਅ ਦੀ ਜ਼ਰੂਰਤ

05/13/2019 2:23:28 PM

ਹੈਦਰਾਬਾਦ : ਚੇਨਈ ਸੁਪਰ ਕਿੰਗਜ਼ ਦੇ ਹੈਡ ਕੋਚ ਸਟੀਫਨ ਫਲੈਮਿੰਗ ਨੇ ਆਈ. ਪੀ. ਐੱਲ. ਦੇ ਇਸ ਸੀਜ਼ਨ ਵਿਚ ਬੱਲੇਬਾਜ਼ੀ ਵਿਚ ਖਰਾਬ ਪ੍ਰਦਰਸ਼ਨ ਤੋਂ ਬਾਅਦ ਸਭ ਤੋਂ ਵੱਧ ਉਮਰ ਵਾਲੇ ਖਿਡਾਰੀਆਂ ਨਾਲ ਭਰੀ ਇਸ ਟੀਮ ਵਿਚ ਕੁਝ ਬਦਲਾਅ ਦੀ ਗੱਲ ਸਵੀਕਾਰ ਕੀਤੀ ਹੈ। ਚੇਨਈ ਸੁਪਰ ਕਿੰਗਜ਼ ਟੀਮ ਦੀ ਔਸਤ ਉਮਰ 34 ਸਾਲ ਹੈ ਜਿਸ ਨੇ ਪਿਛਲੇ ਸਾਲ ਖਿਤਾਬ ਜਿੱਤਿਆ ਸੀ ਅਤੇ ਇਸ ਵਾਰ ਫਾਈਨਲ ਵਿਚ ਪਹੁੰਚ ਕੇ ਹਾਰ ਗਈ ਹੈ। ਫਲੈਮਿੰਗ ਅਤੇ ਕਪਤਾਨ ਮਹਿੰਦਰ ਸਿੰਘ ਧੋਨੀ ਨੇ ਬੱਲੇਬਾਜ਼ਾਂ ਦੇ ਬਿਹਤਰ ਪ੍ਰਦਰਸ਼ਨ 'ਤੇ ਜ਼ੋਰ ਦਿੱਤਾ ਹੈ। ਕੋਚ ਨੇ ਕਿਹਾ, ''ਜੇਕਰ ਤੁਸੀਂ ਇਕ ਸਾਲ ਖਿਤਾਬ ਜਿੱਤੋ ਅਤੇ ਅਗਲੇ ਸਾਲ ਫਾਈਨਲ ਵਿਚ ਪਹੁੰਚੋ ਤਾਂ ਪ੍ਰਦਰਸ਼ਨ ਚੰਗਾ ਕਿਹਾ ਜਾਵੇਗਾ। ਅਸੀਂ ਸਮਝਦੇ ਹਾਂ ਕਿ ਇਹ ਵੱਧ ਉਮਰ ਵਾਲੇ ਖਿਡਾਰੀਆਂ ਦੀ ਟੀਮ ਹੈ। ਸਾਨੂੰ ਨਵੇਂ ਸਿਰੇ ਤੋਂ ਟੀਮ ਤਿਆਰ ਕਰਨ ਬਾਰੇ ਸੋਚਣਾ ਹੋਵੇਗਾ। ਅਗਲੇ ਸੈਸ਼ਨ ਦੇ ਬਾਰੇ ਰਣਨੀਤੀ ਵਿਸ਼ਵ ਕੱਪ ਤੋਂ ਬਾਅਦ ਤਿਆਰ ਕੀਤੀ ਜਾਵੇਗੀ।''

ਫਲੈਮਿੰਗ ਨੇ ਕਿਹਾ, ''ਧੋਨੀ ਵਿਸ਼ਵ ਕੱਪ ਖੇਡਣ ਜਾਣਗੇ। ਦੂਜੀਆਂ ਟੀਮਾਂ ਕੋਲ ਕਈ ਹੁਨਰਮੰਦ ਖਿਡਾਰੀ ਹਨ। ਸਾਨੂੰ ਸੰਭਲ ਕੇ ਟੀਮ ਤਿਆਰ ਕਰ ਕੇ ਸਹੀ ਸੰਤੁਲਨ ਲੱਭਣਾ ਹੋਵੇਗਾ। ਚੇਨਈ ਲਈ ਇਹ ਸਾਲ ਮੁਸ਼ਕਲਾਂ ਭਰਿਆ ਸੀ। ਸਾਡੇ ਉਮੀਦ ਮੁਤਾਬਕ ਪ੍ਰਦਰਸ਼ਨ ਨਹੀਂ ਕਰ ਸਕੇ। ਉਨ੍ਹਾਂ ਤੋਂ ਬਿਹਤਰ ਪ੍ਰਦਰਸ਼ਨ ਦੀ ਉਮੀਦ ਸੀ ਪਰ ਇਹ ਵੀ ਹੈ ਕਿ ਅਸੀਂ ਫਾਈਨਲ ਤੱਕ ਪਹੁੰਚੇ ਅਤੇ ਮੈਚ ਆਖਰੀ ਗੇਂਦ ਤੱਕ ਗਿਆ। ਬੱਲੇਬਾਜ਼ੀ ਵਿਚ ਅਸੀਂ ਪ੍ਰਦਰਸ਼ਨ ਨਹੀਂ ਕਰ ਸਕੇ ਪਰ ਕੋਸ਼ਿਸ਼ਾਂ ਵਿਚ ਕੋਈ ਕਮੀ ਨਹੀਂ ਸੀ।''