Wrestlers Protest: ਮਾਮਲਾ ਉਲਝਿਆ, WFI ਪ੍ਰਧਾਨ ਦਾ ਅਹੁਦਾ ਛੱਡਣ ਤੋਂ ਬ੍ਰਿਜ ਭੂਸ਼ਣ ਸ਼ਰਨ ਸਿੰਘ ਦੀ ਕੋਰੀ ਨਾਂਹ

01/20/2023 4:55:05 PM

ਨੰਦਿਨੀ ਨਗਰ/ਗੋਂਡਾ (ਭਾਸ਼ਾ)- ਦਿੱਲੀ ਦੇ ਜੰਤਰ-ਮੰਤਰ ਵਿਖੇ ਦੇਸ਼ ਦੇ ਨਾਮਵਰ ਪਹਿਲਵਾਨਾਂ ਵੱਲੋਂ ਦਿੱਤੇ ਜਾ ਰਹੇ ਧਰਨੇ ਨੂੰ 'ਸ਼ਾਹੀਨ ਬਾਗ ਦਾ ਧਰਨਾ' ਦੱਸਦਿਆਂ ਰੈਸਲਿੰਗ ਫੈਡਰੇਸ਼ਨ ਆਫ ਇੰਡੀਆ (ਡਬਲਯੂ.ਐੱਫ.ਆਈ.) ਦੇ ਪ੍ਰਧਾਨ ਅਤੇ ਕੈਸਰਗੰਜ ਤੋਂ ਭਾਜਪਾ ਦੇ ਸੰਸਦ ਮੈਂਬਰ ਬ੍ਰਿਜ ਭੂਸ਼ਣ ਸ਼ਰਨ ਸਿੰਘ ਨੇ ਅਹੁਦਾ ਛੱਡਣ ਤੋਂ ਸਾਫ਼ ਇਨਕਾਰ ਕਰ ਦਿੱਤਾ ਹੈ। ਉੱਤਰ ਪ੍ਰਦੇਸ਼ ਦੇ ਕੈਸਰਗੰਜ ਹਲਕੇ ਤੋਂ 6 ਵਾਰ ਲੋਕ ਸਭਾ ਮੈਂਬਰ ਰਹਿ ਚੁੱਕੇ ਸਿੰਘ ਨੇ ਇੱਥੇ ਆਪਣੇ ਜੱਦੀ ਸਥਾਨ ’ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮੇਰੇ ਖ਼ਿਲਾਫ਼ ਪਹਿਲਵਾਨਾਂ ਦਾ ਵਿਰੋਧ ਸ਼ਾਹੀਨ ਬਾਗ ਦਾ ਧਰਨਾ ਹੈ। ਸਿੰਘ ਨੇ ਦਿੱਲੀ ਦੇ ਜੰਤਰ-ਮੰਤਰ 'ਤੇ ਆਪਣੇ ਖ਼ਿਲਾਫ਼ ਹੋਏ ਪ੍ਰਦਰਸ਼ਨ ਨੂੰ ਕਾਂਗਰਸ ਪਾਰਟੀ ਵੱਲੋਂ ਪ੍ਰਾਯੋਜਿਤ ਭਾਜਪਾ 'ਤੇ ਹਮਲਾ ਕਰਾਰ ਦਿੱਤਾ। ਇਸ ਤੋਂ ਪਹਿਲਾਂ ਇੱਕ ਟੀਵੀ ਚੈਨਲ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਸੀ ਕਿ ਧਰਨਾ ਦੇ ਰਹੇ ਖਿਡਾਰੀ ਕਾਂਗਰਸ ਅਤੇ ਦੀਪੇਂਦਰ ਹੁੱਡਾ ਦੇ ਹੱਥਾਂ ਦਾ ਖਿਡੌਣਾ ਬਣ ਚੁੱਕੇ ਹਨ। ਭਾਜਪਾ ਸਾਂਸਦ ਨੇ ਕਿਹਾ ਕਿ ਇਸ ਤਰ੍ਹਾਂ ਦੀ ਸਾਜ਼ਿਸ਼ ਕਰੀਬ ਤਿੰਨ ਦਹਾਕੇ ਪਹਿਲਾਂ ਵੀ ਕਾਂਗਰਸ ਨੇ ਮੇਰੇ ਖਿਲਾਫ ਰਚੀ ਸੀ। ਉਹੀ ਸਾਜਿਸ਼ ਇੱਕ ਵਾਰ ਫਿਰ ਦੁਹਰਾਈ ਜਾ ਰਹੀ ਹੈ। ਮੈਂ ਪਹਿਲਾਂ ਹੀ ਕਿਹਾ ਸੀ ਕਿ ਇਹ ਇੱਕ ਸਾਜ਼ਿਸ਼ ਹੈ ਅਤੇ ਇਸ ਦੇ ਪਿੱਛੇ ਵੱਡੀਆਂ ਤਾਕਤਾਂ ਹਨ। ਹੁਣ ਉਹ ਤਾਕਤਾਂ ਸਾਹਮਣੇ ਆ ਗਈਆਂ ਹਨ।

ਉਨ੍ਹਾਂ ਕਿਹਾ ਸੀ ਕਿ ਕਾਂਗਰਸ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਅਤੇ ਹਰਿਆਣਾ ਦੇ ਨੇਤਾ ਦੀਪੇਂਦਰ ਹੁੱਡਾ ਦੇ ਬਿਆਨਾਂ ਅਤੇ ਟਵੀਟ ਤੋਂ ਬਾਅਦ ਤਸਵੀਰ ਸਪੱਸ਼ਟ ਹੋ ਰਹੀ ਹੈ। ਸਿੰਘ ਸ਼ੁੱਕਰਵਾਰ ਯਾਨੀ ਅੱਜ ਸ਼ਾਮ ਗੋਂਡਾ ਦੇ ਨੰਦਿਨੀ ਨਗਰ ਸਟੇਡੀਅਮ 'ਚ ਪ੍ਰੈੱਸ ਕਾਨਫਰੰਸ ਕਰਨ ਵਾਲੇ ਹਨ। ਕੇਂਦਰੀ ਖੇਡ ਮੰਤਰੀ ਅਨੁਰਾਗ ਠਾਕੁਰ ਨਾਲ ਵੀਰਵਾਰ ਰਾਤ ਨੂੰ ਚੋਟੀ ਦੇ ਭਾਰਤੀ ਪਹਿਲਵਾਨਾਂ ਦੀ ਹੋ ਮੀਟਿੰਗ ਬੇਨਤੀਜਾ ਰਹੀ, ਕਿਉਂਕਿ ਉਨ੍ਹਾਂ ਨੇ ਸਰਕਾਰ ਦੇ WFI ਨੂੰ ਤੁਰੰਤ ਭੰਗ ਕਰਨ ਦੀ ਆਪਣੀ ਮੰਗ ਤੋਂ ਪਿੱਛੇ ਹਟਣ ਤੋਂ ਇਨਕਾਰ ਕਰ ਦਿੱਤਾ। ਓਲੰਪਿਕ ਤਮਗਾ ਜੇਤੂ ਬਜਰੰਗ ਪੂਨੀਆ ਅਤੇ ਸਾਕਸ਼ੀ ਮਲਿਕ, ਵਿਸ਼ਵ ਚੈਂਪੀਅਨਸ਼ਿਪ ਤਮਗਾ ਜੇਤੂ ਵਿਨੇਸ਼ ਫੋਗਾਟ ਅਤੇ ਹੋਰਾਂ ਸਮੇਤ ਉੱਘੇ ਭਾਰਤੀ ਪਹਿਲਵਾਨ ਡਬਲਯੂ.ਐੱਫ.ਆਈ. ਦੇ ਪ੍ਰਧਾਨ ਬ੍ਰਿਜ ਭੂਸ਼ਣ ਸ਼ਰਨ ਸਿੰਘ 'ਤੇ ਜਿਨਸੀ ਸ਼ੋਸ਼ਣ ਦੇ ਦੋਸ਼ਾਂ ਨੂੰ ਲੈ ਕੇ ਪਿਛਲੇ 2 ਦਿਨਾਂ ਤੋਂ ਜੰਤਰ-ਮੰਤਰ 'ਤੇ ਧਰਨਾ ਦੇ ਰਹੇ ਹਨ। WFI ਦੇ ਪ੍ਰਧਾਨ ਬ੍ਰਿਜ ਭੂਸ਼ਣ ਸ਼ਰਨ ਸਿੰਘ ਦੇ ਖ਼ਿਲਾਫ਼ ਪਹਿਲਵਾਨਾਂ ਦੇ ਵਿਰੋਧ ਦੇ ਦੂਜੇ ਦਿਨ ਵੀਰਵਾਰ ਨੂੰ ਰਾਤ ਕਰੀਬ 10 ਵਜੇ ਮੈਰਾਥਨ ਮੀਟਿੰਗ ਸ਼ੁਰੂ ਹੋਈ। ਪਹਿਲਵਾਨ ਤੜਕੇ ਸਵੇਰੇ 1.45 ਵਜੇ ਠਾਕੁਰ ਦੇ ਘਰੋਂ ਨਿਕਲੇ ਅਤੇ ਬਾਹਰ ਉਡੀਕ ਕਰ ਰਹੇ ਪੱਤਰਕਾਰਾਂ ਨਾਲ ਗੱਲ ਨਹੀਂ ਕੀਤੀ। ਓਲੰਪਿਕ ਤਮਗਾ ਜੇਤੂ ਬਜਰੰਗ ਪੂਨੀਆ, ਰਵੀ ਦਹੀਆ, ਸਾਕਸ਼ੀ ਮਲਿਕ ਅਤੇ ਵਿਸ਼ਵ ਚੈਂਪੀਅਨਸ਼ਿਪ ਤਮਗਾ ਜੇਤੂ ਵਿਨੇਸ਼ ਫੋਗਾਟ ਮੀਟਿੰਗ ਦਾ ਹਿੱਸਾ ਸਨ। ਸਰਕਾਰੀ ਅਧਿਕਾਰੀਆਂ ਮੁਤਾਬਕ ਪਹਿਲਵਾਨ ਸ਼ੁੱਕਰਵਾਰ ਨੂੰ ਮੁੜ ਖੇਡ ਮੰਤਰੀ ਨਾਲ ਮੁਲਾਕਾਤ ਕਰਨਗੇ।

cherry

This news is Content Editor cherry