ਆਨੰਦ ਨੂੰ ਕ੍ਰੈਮਨਿਕ ਹੱਥੋਂ ਮਿਲੀ ਕਰਾਰੀ ਹਾਰ

01/22/2018 1:43:12 AM

ਵਿਜਕ ਆਨ ਜੀ- ਭਾਰਤੀ ਗ੍ਰੈਂਡਮਾਸਟਰ ਵਿਸ਼ਵਨਾਥਨ ਆਨੰਦ ਦੀ ਟਾਟਾ ਸਟੀਲ ਮਾਸਟਰਸ ਸ਼ਤਰੰਜ ਟੂਰਨਾਮੈਂਟ ਵਿਚ ਰਿਕਾਰਡ ਛੇਵੇਂ ਖਿਤਾਬ ਦੀ ਉਮੀਦ ਨੂੰ 7ਵੇਂ  ਦੌਰ ਵਿਚ ਰੂਸ ਦੇ ਵਲਾਦੀਮਿਰ ਕ੍ਰੈਮਨਿਕ ਹੱਥੋਂ ਮਿਲੀ ਹਾਰ ਨਾਲ ਕਰਾਰਾ ਝਟਕਾ ਲੱਗਾ। ਅਜੇ ਤੱਕ ਆਨੰਦ ਚੰਗਾ ਖੇਡ ਰਿਹਾ ਸੀ ਪਰ ਕ੍ਰੈਮਨਿਕ ਵਿਰੁੱਧ ਉਹ ਮੁਸ਼ਕਿਲ ਤੇ ਪੇਚੀਦਾ ਹਾਲਾਤ ਵਿਚ ਪਹੁੰਚ ਗਿਆ। ਭਾਰਤੀ ਖਿਡਾਰੀ ਵੱਲੋਂ ਅਪਣਾਈ ਗਈ ਇਟਾਲੀਅਨ ਓਪਨਿੰਗ ਕਾਫੀ ਪੇਚੀਦਾ ਬਣ ਗਈ, ਜਿਸ ਵਿਚ ਉਸ ਨੇ ਆਪਣੇ ਬਾਦਸ਼ਾਹ ਨੂੰ ਬੋਰਡ ਵਿਚਾਲੇ ਪਹੁੰਚਾ ਦਿੱਤਾ ਤੇ ਉਹ ਖਤਰੇ ਵਿਚ ਪੈ ਗਿਆ। ਕ੍ਰੈਮਨਿਕ ਨੇ ਚਲਾਕੀ ਭਰੀ ਚਾਲ ਚੱਲੀ ਤੇ 36 ਚਾਲਾਂ ਵਿਚ ਜਿੱਤ ਦਰਜ ਕਰ ਲਈ। ਆਨੰਦ ਇਸ ਹਾਰ ਨਾਲ ਬੀਤੀ ਰਾਤ ਦੇ ਸਾਂਝੇ ਤੌਰ 'ਤੇ ਦੂਜੇ ਸਥਾਨ ਤੋਂ ਸਾਂਝੇ ਤੌਰ 'ਤੇ ਛੇਵੇਂ ਸਥਾਨ 'ਤੇ ਖਿਸਕ ਗਿਆ।
ਅਜਰਬੇਜਾਨ ਦੇ ਸ਼ਖਰਿਆਰ ਮਾਮੇਦਯਾਰੋਵ ਨੇ ਟੂਰਨਾਮੈਂਟ ਵਿਚ ਲਗਾਤਾਰ ਤੀਜੀ ਜਿੱਤ ਦਰਜ ਕਰਦਿਆਂ ਪੂਰੇ ਇਕ ਦੀ ਬੜ੍ਹਤ ਹਾਸਲ ਕੀਤੀ। ਉਸ ਨੇ ਚੀਨ ਦੇ ਵੇਈ ਯਿ ਨੂੰ ਹਰਾਇਆ। ਚੋਟੀ ਦਰਜਾ ਪ੍ਰਾਪਤ ਮੈਗਨਸ ਕਾਰਲਸਨ ਨੇ ਲੰਬੀ ਬਾਜ਼ੀ ਤੋਂ ਬਾਅਦ ਚੀਨ ਦੇ ਯਿਫਾਨ ਹੋਊ ਵਿਰੁੱਧ ਪੂਰੇ ਅੰਕ ਹਾਸਲ ਕੀਤੇ, ਜਿਹੜੀ ਸਰਵਸ੍ਰੇਸ਼ਠ ਰੈਂਕਿੰਗ ਦੀ ਮਹਿਲਾ ਖਿਡਾਰੀ ਹੈ। 6 ਦੌਰ ਅਜੇ ਹੋਰ ਖੇਡਣੇ ਜਾਣੇ ਬਾਕੀ ਹਨ ਤੇ ਮਾਮੇਦਯਾਰੋਵ 7 ਵਿਚੋਂ 5.5 ਅੰਕਾਂ ਨਾਲ ਚੋਟੀ 'ਤੇ ਹੈ। ਉਸ ਤੋਂ ਬਾਅਦ ਹਾਲੈਂਡ ਦਾ ਅਨੀਸ਼ ਗਿਰੀ, ਅਮਰੀਕਾ ਦੇ ਵੇਸਲੀ ਸੋ, ਕਾਰਲਸਨ ਤੇ ਕ੍ਰੈਮਨਿਕ ਸਾਰਿਆਂ ਦੇ 4.5 ਅੰਕ ਹਨ। ਮਾਸਟਰਸ ਵਿਚ ਹੋਰਨਾਂ ਭਾਰਤੀਆਂ ਵਿਚ ਬੀ. ਅਧਿਬਨ ਨੇ ਰੂਸ ਦੇ ਮੈਕਿਸਮ ਮਾਤਲਾਕੋਵ ਨਾਲ ਡਰਾਅ ਖੇਡਿਆ। ਉਸਦੇ 1.5 ਅੰਕ ਹਨ। ਅਧਿਬਨ ਨੂੰ 4 ਮੈਚਾਂ ਵਿਚ ਹਾਰ ਮਿਲੀ ਹੈ ਤੇ ਅਜੇ ਤੱਕ ਉਸ ਨੇ 3 ਡਰਾਅ ਖੇਡੇ ਹਨ।
ਵਿਦਿਤ ਗੁਜਰਾਤੀ ਨੇ ਵੰਡੇ ਅੰਕ 
ਚੈਲੰਜਰਜ਼ ਵਰਗ ਵਿਚ ਗ੍ਰੈਂਡਮਾਸਟਰ ਵਿਦਿਤ ਗੁਜਰਾਤੀ ਨੇ ਹਾਲੈਂਡ ਦੇ ਲੁਕਾਸ ਵੈਨ ਫੋਰੀਸਟ ਨਾਲ ਅੰਕ ਵੰਡੇ। ਇਸ ਭਾਰਤੀ ਦੇ ਪੂਰੇ ਪੰਜ ਅੰਕ ਹੋ ਗਏ ਹਨ ਤੇ ਉਹ ਯੂਕ੍ਰੇਨ ਦੇ ਐਂਟਨ ਕੋਰੋਬੋਵ ਤੋਂ ਪੂਰੇ ਇਕ ਅੰਕ ਪਿੱਛੜ ਰਿਹਾ ਹੈ। ਡੀ. ਹਰਿਕਾ ਨੂੰ ਜਰਮਨੀ ਦੇ ਮਾਥਿਯਾਸ ਬਲੂਬਾਮ ਤੋਂ ਹਾਰ ਦਾ ਮੂੰਹ ਦੇਖਣਾ ਪਿਆ।