IPL Flash Back : ਜਦੋਂ ਗੇਲ ਨੇ ਛੱਕਿਆਂ ਦੀ ਹਨੇਰੀ ਲਿਆਕੇ ਇਕੱਲੇ ਹੀ ਬਣਾਈਆਂ 175 ਦੌੜਾਂ

04/23/2019 11:01:13 AM

ਨਵੀਂ ਦਿੱਲੀ— ਯੂਨੀਵਰਸਲ ਬੌਸ ਕ੍ਰਿਸ ਗੇਲ ਦਾ ਬੱਲਾ ਜਦੋਂ ਵੀ ਚਲਦਾ ਹੈ ਤਾਂ ਫਿਰ ਅੱਗ ਵਰ੍ਹਾਉਂਦਾ ਹੈ। ਕ੍ਰਿਕਟ ਦਾ ਕੋਈ ਵੀ ਫਾਰਮੈਟ ਹੋਵੇ, ਸਟੇਡੀਅਮ ਕਿਹੋ ਜਿਹਾ ਵੀ ਹੋਵੇ ਜਾਂ ਫਿਰ ਪਿੱਚ ਖਰਾਬ ਹੋਵੇ। ਜੇਕਰ ਕ੍ਰਿਸ ਗੇਲ ਦਾ ਬੱਲਾ ਚਲ ਗਿਆ ਤਾਂ ਵਿਰੋਧੀ ਟੀਮ ਦੇ ਗੇਂਦਬਾਜ਼ਾਂ ਦਾ ਖ਼ੂਬ ਕੁੱਟਾਪਾ ਚੜ੍ਹਦਾ ਹੈ। ਅਜਿਹਾ ਹੀ ਕੁਝ ਅੱਜ ਤੋਂ ਠੀਕ 6 ਸਾਲ ਪਹਿਲਾਂ ਦੇਖਿਆ ਗਿਆ ਜਦੋਂ ਉਨ੍ਹਾਂ ਨੇ ਆਈ.ਪੀ.ਐੱਲ. ਦੇ ਇਕ ਮੈਚ 'ਚ ਅਜਿਹੀ ਤਬਾਹੀ ਮਚਾਈ ਕਿ ਵਿਰੋਧੀ ਟੀਮ ਬੁਰੀ ਤਰ੍ਹਾਂ ਢਹਿ-ਢੇਰੀ ਹੋ ਗਈ। ਦੇਖਦੇ ਹੀ ਦੇਖਦੇ ਕ੍ਰਿਸ ਗੇਲ ਨੇ ਟੀ 20 ਕ੍ਰਿਕਟ ਦਾ ਸਭ ਤੋਂ ਵੱਡਾ ਨਿਜੀ ਸਕੋਰ ਖੜਾ ਕਰ ਦਿੱਤਾ ਹੈ ਜੋ ਅੱਜ ਤਕ ਅਟੁੱਟ ਬਣਿਆ ਹੋਇਆ ਹੈ।

ਦਰਅਸਲ, ਆਈ.ਪੀ.ਐੱਲ. ਦੇ ਛੇਵੇਂ ਸੀਜ਼ਨ ਦੇ 31ਵੇਂ ਮੈਚ 'ਚ 23 ਅਪ੍ਰੈਲ, 2013 ਨੂੰ ਪੁਣੇ ਵਾਰੀਅਰਜ਼ ਖਿਲਾਫ ਆਰ.ਸੀ.ਬੀ. ਵੱਲੋਂ ਖੇਡਦੇ ਹੋਏ ਕ੍ਰਿਸ ਗੇਲ ਨੇ ਅਜੇਤੂ 175 ਦੌੜਾਂ ਦੀ ਪਾਰੀ ਖੇਡੀ। ਕ੍ਰਿਸ ਗੇਲ ਨੇ ਸਿਰਫ 66 ਗੇਂਦਾਂ 'ਚ 175 ਦੌੜਾਂ ਠੋਕ ਦਿੱਤੀਆਂ। ਕ੍ਰਿਸ ਗੇਲ ਦੀ ਇਸ ਪਾਰੀ 'ਚ 13 ਚੌਕੇ ਅਤੇ 17 ਛੱਕੇ ਸ਼ਾਮਲ ਸਨ। ਬੈਂਗਲੁਰੂ ਦੇ ਚਿੰਨਾਸਵਾਮੀ ਸਟੇਡੀਅਮ 'ਚ ਖੇਡੇ ਗਏ ਇਸ ਮੁਕਾਬਲੇ ਨੂੰ ਵਿਰਾਟ ਕੋਹਲੀ ਦੀ ਕਪਤਾਨੀ ਵਾਲੀ ਰਾਇਲ ਚੈਲੰਜਰਜ਼ ਬੈਂਗਲੁਰੂ ਨੇ 130 ਦੌੜਾਂ ਦੇ ਫਰਕ ਨਾਲ ਆਪਣੇ ਨਾਂ ਕੀਤਾ ਸੀ। ਪੁਣੇ ਵਾਰੀਅਰਸ ਦੇ 7 ਗੇਂਦਬਾਜ਼ ਮਿਲ ਕੇ ਵੀ ਇਕੱਲੇ ਕ੍ਰਿਸ ਗੇਲ ਨੂੰ ਨਹੀਂ ਰੋਕ ਸਕੇ ਸਨ।

Tarsem Singh

This news is Content Editor Tarsem Singh