B''Day Spcl : ਜਾਣੋ ਯੂਨੀਵਰਸ ਬੌਸ ਕ੍ਰਿਸ ਗੇਲ ਦੀ ਫਰਸ਼ ਤੋਂ ਅਰਸ਼ ਤਕ ਪਹੁੰਚਣ ਦੀ ਦਿਲਚਸਪ ਦਾਸਤਾਨ

09/21/2019 11:34:11 AM

ਸਪੋਰਟਸ ਡੈਸਕ— ਵੈਸਟਇੰਡੀਜ਼ ਦੇ ਧਮਾਕੇਦਾਰ ਬੱਲੇਬਾਜ਼ ਅਤੇ ਕ੍ਰਿਕਟ ਦੀ ਦੁਨੀਆ ਦੇ ਯੂਨੀਵਰਸ ਬਾਸ ਦੇ ਨਾਂ ਨਾਲ ਮਸ਼ਹੂਰ ਕ੍ਰਿਸਟੋਫਰ ਹੇਨਰੀ ਗੇਲ ਦਾ ਅੱਜ 40ਵਾਂ ਜਨਮ ਦਿਨ ਹੈ। 21 ਸਤੰਬਰ 1979 ਨੂੰ ਜਮੈਕਾ ਦੇ ਕਿੰਗਸਟਨ 'ਚ ਜੰਮੇ ਗੇਲ ਦੁਨੀਆ ਦੇ ਸਭ ਤੋਂ ਮਸਤਮੌਲਾ ਕ੍ਰਿਕਟਰਾਂ 'ਚੋਂ ਇਕ ਹਨ। ਗੇਲ ਦੇ ਨਾਂ ਕ੍ਰਿਕਟ ਦੀ ਦੁਨੀਆ 'ਚ ਕਈ ਸਾਰੇ ਰਿਕਾਰਡ ਦਰਜ ਹਨ। ਅੱਜ ਅਸੀਂ ਕ੍ਰਿਸ ਗੇਲ ਦੀ ਨਿਜੀ ਜ਼ਿੰਦਗੀ ਅਤੇ ਉਸ ਦੇ ਕ੍ਰਿਕਟ ਕਰੀਅਰ 'ਤੇ ਚਾਨਣਾ ਪਾਵਾਂਗੇ।

ਗਰੀਬੀ 'ਚ ਬੀਤਿਆ ਬਚਪਨ

ਕ੍ਰਿਸ ਗੇਲ ਦਾ ਬਚਪਨ ਕਾਫੀ ਗਰੀਬੀ 'ਚ ਬੀਤਿਆ ਸੀ। ਗੇਲ ਦੇ ਪਿਤਾ ਦਾ ਨਾਂ ਡੁਡਲੂ ਗੇਲ ਹੈ ਜੋ ਪੁਲਸ 'ਚ ਸਨ, ਉਨ੍ਹਾਂ ਦੇ ਕ੍ਰਿਸ ਗੇਲ ਨੂੰ ਮਿਲਾ ਕੇ 6 ਬੱਚੇ ਸਨ। ਵੱਡਾ ਪਰਿਵਾਰ ਹੋਣ ਕਾਰਨ ਉਨ੍ਹਾਂ ਦੇ ਘਰ ਦਾ ਗੁਜ਼ਾਰਾ ਨਹੀਂ ਚਲਦਾ ਸੀ। ਇਸ ਲਈ ਕ੍ਰਿਸ ਗੇਲ ਦੀ ਮਾਂ ਘਰ ਚਲਾਉਣ 'ਚ ਮਦਦ ਲਈ ਚਿਪਸ ਵੇਚਦੀ ਸੀ।

ਦਾਦਾ ਨੇ ਸਿਖਾਏ ਕ੍ਰਿਕਟ ਦੇ ਗੁਰ

ਅੱਜ ਗੇਲ ਨੇ ਜੋ ਨਾਮਣਾ ਖੱਟਿਆ ਹੈ ਉਸ ਦੇ ਪਿੱਛੇ ਉਸ ਦੇ ਦਾਦਾ ਦਾ ਬਹੁਤ ਵੱਡਾ ਹੱਥ ਹੈ ਜਿਨ੍ਹਾਂ ਨੇ ਉਨ੍ਹਾਂ ਨੂੰ ਕ੍ਰਿਕਟ ਦੇ ਗੁਰ ਸਿਖਾਏ। ਉਨ੍ਹਾਂ ਦੇ ਦਾਦਾ ਕਲੱਬ ਪੱਧਰ ਦੇ ਕ੍ਰਿਕਟਰ ਸਨ, ਜਿਨ੍ਹਾਂ ਤੋਂ ਉਨ੍ਹਾਂ ਨੇ ਕ੍ਰਿਕਟ ਖੇਡਣਾ ਸਿੱਖਿਆ ਸੀ। ਗੇਲ ਨੇ ਆਪਣੇ ਕ੍ਰਿਕਟ ਕਰੀਅਰ ਦੀ ਸ਼ੁਰੂਆਤ ਜਮੈਕਾ ਦੇ ਫੇਮਸ ਲਿਊਕਾਸ ਕ੍ਰਿਕਟ ਕਲੱਬ ਤੋਂ ਕੀਤੀ ਸੀ।

ਮਹਿਲਾ ਪੱਤਰਕਾਰ ਨਾਲ ਇਤਰਾਜ਼ਯੋਗ ਗੱਲਾਂ ਕਰਨ ਨਾਲ ਹੋਈ ਸੀ ਆਲੋਚਨਾ

ਗੇਲ ਕਈ ਵਾਰ ਮਹਿਲਾ ਪੱਤਰਕਾਰਾਂ ਨਾਲ ਬਦਤਮੀਜ਼ੀ ਕਰ ਚੁੱਕੇ ਹਨ। ਇਕ ਵਾਰ ਮੈਚ ਦੇ ਦੌਰਾਨ ਕ੍ਰਿਸ ਗੇਲ ਤੋਂ ਜਦੋਂ ਇਕ ਮਹਿਲਾ ਪੱਤਰਕਾਰ ਨੇ ਪਿੱਚ ਦੇ ਬਾਰੇ 'ਚ ਪੁੱਛਿਆ ਸੀ ਤਦ ਗੇਲ ਦਾ ਜਵਾਬ ਕੁਝ ਹੈਰਾਨ ਕਰਨ ਵਾਲਾ ਸੀ। ਗੇਲ ਨੇ ਕਿਹਾ ਸੀ ਕਿ ਮੈਂ ਤੁਹਾਡੀ ਪਿੱਚ ਨੂੰ ਛੂਹਿਆ ਹੀ ਨਹੀਂ ਹੈ ਤਾਂ ਇਸ ਬਾਰੇ ਕਿਵੇਂ ਦਸ ਸਕਦਾ ਹਾਂ। ਗੇਲ ਦੇ ਇਸ ਜਵਾਬ 'ਤੇ ਉਨ੍ਹਾਂ ਦੀ ਕਾਫੀ ਆਲੋਚਨਾ ਵੀ ਹੋਈ ਸੀ।

ਇਕ ਝਾਤ ਉਨ੍ਹਾਂ ਦੇ ਕੌਮਾਂਤਰੀ ਕਰੀਅਰ 'ਤੇ

ਗੇਲ ਨੇ 301 ਵਨ-ਡੇ ਮੈਚਾਂ 'ਚ 10480 ਦੌੜਾਂ ਬਣਾਈਆਂ ਹਨ। ਗੇਲ ਨੇ 1999 'ਚ ਟੋਰੰਟੋ 'ਚ ਭਾਰਤ ਖਿਲਾਫ ਡੈਬਿਊ ਕੀਤਾ ਸੀ। ਉਹ 25 ਸੈਂਕੜੇ ਅਤੇ 54 ਅਰਧ ਸੈਂਕੜੇ ਲਗਾ ਚੁੱਕੇ ਹਨ। ਜਦਕਿ ਗੇਲ ਨੇ ਵੈਸਟਇੰਡੀਜ਼ ਲਈ 103 ਟੈਸਟ ਮੈਚਾਂ 'ਚ 42.18 ਦੀ ਔਸਤ ਨਾਲ 7214 ਦੌੜਾਂ ਬਣਾਈਆਂ ਹਨ। ਟੈਸਟ ਕ੍ਰਿਕਟ 'ਚ ਉਨ੍ਹਾਂ ਦੇ ਨਾਂ 'ਤੇ ਕੁਲ 15 ਸੈਂਕੜੇ ਦਰਜ ਹਨ। ਉਨ੍ਹਾਂ ਨੇ ਟੈਸਟ 'ਚ 333 ਦੌੜਾਂ ਦੀ  ਸਰਵਸ੍ਰੇਸ਼ਠ ਪਾਰੀ ਖੇਡੀ ਹੈ।

Tarsem Singh

This news is Content Editor Tarsem Singh