ਕਲੱਬ ਵਰਲਡ ਕੱਪ ਦੀ ਮੇਜ਼ਬਾਨੀ ਕਰੇਗਾ ਚੀਨ, ਖੇਡਦੇ ਦਿਸਣਗੇ ਕਈ ਸਟਾਰ ਖਿਡਾਰੀ

10/24/2019 3:16:34 PM

ਸ਼ੰਘਾਈ : ਫੀਫਾ ਨੇ ਆਪਣੇ 24 ਟੀਮਾਂ ਦੇ ਕਲੱਬ ਵਰਲਡ ਕੱਪ ਦੇ ਪਹਿਲੇ ਟੂਰਨਾਮੈਂਟ ਦੀ ਮੇਜ਼ਬਾਨੀ ਚੀਨ ਨੂੰ ਸੌਂਪ ਦਿੱਤੀ ਹੈ। ਫੁੱਟਬਾਲ ਦੀ ਵਿਸ਼ਵ ਪੱਧਰੀ ਸੰਸਥਾ ਫੀਫਾ ਦੇ ਪ੍ਰਧਾਨ  ਜਿਆਨੀ ਇਨਫੇਟਿਨੋ ਨੇ ਇਸ ਨੂੰ ਇਤਿਹਾਸਕ ਫੈਸਲਾ ਕਰ ਦਿੱਤਾ ਹੈ। ਫੀਫਾ ਦੇ ਇਸ ਫੈਸਲੇ ਨੂੰ ਫੁੱਟਬਾਲ ਦੀ ਦੁਨੀਆ ਵਿਚ ਚੀਨ ਦੇ ਵੱਧਦੇ ਰੁਤਬੇ ਦੇ ਤੌਰ 'ਤੇ ਦੇਖਿਆ ਜਾ ਸਕਦਾ ਹੈ ਅਤੇ ਇਹ ਦੇਸ਼ ਦੇ ਇਕੱਲੇ ਦਮ 'ਤੇ ਫੀਫਾ ਵਰਲਡ ਕੱਪ ਦੀ ਮੇਜ਼ਬਾਨੀ ਦਾ ਰਸਤਾ ਸਾਫ ਕਰ ਸਕਦਾ ਹੈ। ਇਨਫੇਟਿਨੋ ਨੇ ਸ਼ੰਘਾਈ ਵਿਚ ਫੀਫਾ ਪਰਿਸ਼ਦ ਦੀ ਬੈਠਕ ਤੋਂ ਬਾਅਦ ਇਹ ਐਲਾਨ ਕੀਤਾ। ਇਹ ਪਰਿਸ਼ਦ ਫੁੱਟਬਾਲ ਦੀ ਵਿਸ਼ਵ ਪੱਧਰੀ ਸੰਸਥਾ ਦੀ ਫੈਸਲੇ ਕਰਨ ਵਾਲੀ ਇਕਾਈ ਹੈ। ਇਸ ਫੈਸਲੇ ਦਾ ਮਤਲਬ ਹੈ ਕਿ ਦੁਨੀਆ ਦੇ ਕੁਝ ਚੋਟੀ ਕਲੱਬ ਅਤੇ ਉਸਦੇ ਵੱਡੇ ਸਟਾਰ ਖਿਡਾਰੀ 2 ਸਾਲ ਵਿਚ ਚੀਨ ਵਿਚ ਖੇਡਦੇ ਦਿਸਣਗੇ। ਇਨਫੇਟਿਨੋ ਨੇ ਜੂਨ ਵਿਚ ਕਿਹਾ ਸੀ ਕਿ ਉਸ ਦੇ ਨਵੇਂ ਕਲੱਬ ਵਰਲਡ ਕੱਪ ਤੋਂ 50 ਅਰਬ ਡਾਲਰ ਤਕ ਦੀ ਵਪਾਰਕ ਕਮਾਈ ਹੋ ਸਕਦੀ ਹੈ। ਉਸ ਨੇ ਹਾਲਾਂਕਿ ਇਹ ਨਹੀਂ ਦੱਸਿਆ ਕਿ ਕਿੰਨੇ ਸੈਸ਼ਨ ਵਿਚ ਇਹ ਕਮਾਈ ਹੋਵੇਗੀ। ਕਲੱਬ ਵਰਲਡ ਕੱਪ ਦੇ ਅਗਲੇ ਸੈਸ਼ਨ ਦਾ ਆਯੋਜਨ 2020 ਵਿਚ ਕਤਰ ਵਿਚ ਹੋਵੇਗਾ ਜਿਸ ਵਿਚ 7 ਟੀਮਾਂ ਹਿੱਸਾ ਲੈਣਗੀਆਂ।