ਸ਼ਤਰੰਜ ਟੂਰਨਾਮੈਂਟ : ਆਨੰਦ ਹਾਰਿਆ, ਵਿਦਿਤ-ਅਧਿਬਨ ਜਿੱਤੇ

10/11/2019 11:18:59 PM

ਆਈਲ ਆਫ ਮੇਨ (ਨਿਕਲੇਸ਼ ਜੈਨ)- ਇੰਗਲੈਂਡ ਵਿਚ ਵਿਸ਼ਵ ਸ਼ਤਰੰਜ ਸੰਘ ਵਲੋਂ ਆਯੋਜਿਤ ਤੇ ਫਿਡੇ ਕੈਂਡੀਡੇਟ ਵਿਚ ਜਗ੍ਹਾ ਬਣਾਉਣ ਦੇ ਆਖਰੀ ਮੌਕੇ ਫਿਡੇ ਗ੍ਰਾਂਡ ਸਵਿਸ ਸ਼ਤਰੰਜ ਟੂਰਨਾਮੈਂਟ ਦੇ ਸ਼ੁਰੂਆਤੀ ਰਾਊਂਡ ਵਿਚ ਭਾਰਤ ਦਾ 5 ਵਾਰ ਦਾ ਵਿਸ਼ਵ ਚੈਂਪੀਅਨ ਵਿਸ਼ਵਨਾਥਨ ਆਨੰਦ ਉਲਟਫੇਰ ਦਾ ਸ਼ਿਕਾਰ ਹੋ ਗਿਆ। 11 ਰਾਊਂਡਾਂ ਦੀ ਇਸ ਪ੍ਰਤੀਯੋਗਿਤਾ ਦੀ ਪਹਿਲੀ ਸੀਡ ਆਨੰਦ ਰੂਸ ਦੇ ਨਜੇਰ ਏਵੇਂਜੀਯ ਹੱਥੋਂ ਨਿਮਜੋ ਇੰਡੀਅਨ ਓਪਨਿੰਗ ਵਿਚ ਹਾਰ ਗਿਆ। ਖੇਡ ਦੀ 18ਵੀਂ ਤੇ ਫਿਰ 28ਵੀਂ ਚਾਲ ਵਿਚ ਹੋਈ ਗਲਤੀ ਆਨੰਦ 'ਤੇ ਭਾਰੀ ਪਈ। ਹੋਰਨਾਂ ਭਾਰਤੀ ਖਿਡਾਰੀਆਂ ਵਿਚ ਪਹਿਲੇ ਦਿਨ ਵਿਦਿਤ ਗੁਜਰਾਤੀ ਨੇ ਹਮਵਤਨ ਐੱਸ. ਪੀ. ਸੇਥੂਰਮਨ ਨੂੰ ਤੇ ਅਧਿਭਨ ਭਾਸਕਰਨ ਨੇ ਇੰਗਲੈਂਡ ਦੇ ਵੂ ਲੀ ਨੂੰ ਹਰਾਉਂਦਿਆਂ ਆਪਣੀ ਪਹਿਲੀ ਜਿੱਤ ਦਰਜ ਕੀਤੀ, ਜਦਕਿ ਹੋਰਨਾਂ ਸਾਰੇ ਭਾਰਤੀ ਖਿਡਾਰੀਆਂ ਨੇ ਡਰਾਅ ਦੇ ਨਾਲ ਆਪਣੀ ਸ਼ੁਰੂਆਤ ਕੀਤੀ।
ਪੇਂਟਾਲਾ ਹਰਿਕ੍ਰਿਸ਼ਣਾ ਨੇ ਰੂਸ ਦੇ ਅਲੇਕਸੀਵ Âਵੇਗੇਨੀ, ਐੱਸ. ਐੱਲ. ਨਾਰਾਇਣਨ ਨੇ ਨੀਦਰਲੈਂਡ ਦੇ ਨਿਲਸ ਗ੍ਰੇਂਡਲਿਓਸ, ਨਿਹਾਲ ਸਰੀਨ ਨੇ ਅਰਮੀਨੀਆ ਦੇ ਸਰਗੀਸਿਸਯਨ ਗੈਬ੍ਰੀਏਲ, ਕ੍ਰਿਸ਼ਣਨ ਸ਼ਸ਼ੀਕਿਰਣ ਨੇ ਹਮਵਤਨ ਅਭਿਮੰਨਿਯੂ ਪੌਰਾਣਿਕ, ਗੁਕੇਸ਼ ਡੀ. ਨੇ ਹੰਗਰੀ ਦੇ ਪੀਟਰ ਲੇਕੋ, ਹਰਿਕਾ ਦ੍ਰੋਣਵਾਲੀ ਨੇ ਹੰਗਰੀ ਦੇ ਬੇਰਕੇਸ ਫੇਰੇਂਕ, ਰੌਣਕ ਸਾਧਵਾਨੀ ਨੇ ਸਨਨ ਸਜੂਗਿਰੋਵ, ਸੂਰਯ ਸ਼ੇਖਰ ਗਾਂਗੁਲੀ ਨੇ ਚੀਨ ਦੇ ਲੇਈ ਟਿੰਗਜੀ ਨਾਲ ਤੇ ਸੌਮਿਆ ਸਵਾਮੀਨਾਥਨ ਨੇ ਪੋਲੈਂਡ ਦੇ ਪੀਓਰੂਨ ਕਸਪਰ ਨਾਲ ਡਰਾਅ ਖੇਡਿਆ, ਜਦਕਿ ਨੌਜਵਾਨ ਪ੍ਰਿਥੂ ਗੁਪਤਾ ਨੂੰ ਰੂਸ ਦੇ ਫੇਡੋਸੀਵ ਵਲਾਦੀਮਿਰ ਹੱਥੋਂ ਹਾਰ ਦਾ ਸਾਹਮਣਾ ਕਰਨਾ ਪਿਆ।

Gurdeep Singh

This news is Content Editor Gurdeep Singh