ਸ਼ਤਰੰਜ : ਭਾਰਤ ਦਾ ਆਰ. ਪ੍ਰਗਿਆਨੰਦਾ ਸਾਂਝੀ ਬੜ੍ਹਤ ''ਤੇ

10/06/2019 11:56:10 PM

ਮੁੰਬਈ (ਨਿਕਲੇਸ਼ ਜੈਨ)— ਵਿਸ਼ਵ ਯੂਥ ਸ਼ਤਰੰਜ ਚੈਂਪੀਅਨਸ਼ਿਪ-2019 ਵਿਚ ਭਾਰਤ ਸਮੇਤ 64 ਦੇਸ਼ਾਂ ਦੇ 462 ਖਿਡਾਰੀ ਆਪਣਾ ਦਮਖਮ ਦਿਖਾ ਰਹੇ ਹਨ। 11 ਰਾਊਂਡਾਂ ਵਿਚੋਂ  ਰਾਊਂਡ 5 ਦੀ ਸਮਾਪਤੀ ਤੋਂ ਬਾਅਦ ਕਈ ਭਾਰਤੀ ਖਿਡਾਰੀ ਤਮਗੇ ਦੀ ਦੌੜ ਵਿਚ ਅੱਗੇ ਚੱਲ ਰਹੇ ਹਨ।
ਅੰਡਰ-18 ਉਮਰ ਵਰਗ ਵਿਚ ਭਾਰਤ ਦਾ ਨੰਨ੍ਹਾ ਖਿਡਾਰੀ ਆਰ. ਪ੍ਰਗਿਆਨੰਦਾ 4 ਜਿੱਤਾਂ ਤੇ 1 ਡਰਾਅ ਦੇ ਨਾਲ 4.5 ਅੰਕ ਬਣਾ ਕੇ ਈਰਾਨ ਦੇ ਆਰੀਅਨ ਘੋਲਮੀ ਨਾਲ ਸਾਂਝੀ ਬੜ੍ਹਤ 'ਤੇ ਚੱਲ ਰਿਹਾ ਹੈ। ਹੋਰਨਾਂ ਭਾਰਤੀ  ਖਿਡਾਰੀਆਂ ਵਿਚੋਂ ਵੀ. ਪੀ. ਇਨਯਨ ਤੇ ਆਦਿੱਤਿਆ ਮਿੱਤਲ 4 ਅੰਕਾਂ 'ਤੇ ਖੇਡ ਰਹੇ ਹਨ, ਜਦਕਿ ਟਾਪ ਸੀਡ ਅਰਮੀਨੀਆ ਦਾ ਸਰਗਸਯਨ ਸ਼ਾਂਤ 3.5 ਅੰਕ ਹੀ ਬਣਾ ਸਕਿਆ ਹੈ।
ਲੜਕੀਆਂ ਵਿਚ ਚੋਟੀ ਦੀਆਂ ਭਾਰਤੀ ਖਿਡਾਰਨਾਂ ਵੰਤਿਕਾ ਅਗਰਵਾਲ, ਆਸ਼ਾਨਾ ਮਾਖੀਜਾ, ਹਰਿਸ਼ਨੀ 3.5 ਅੰਕ ਬਣਾ ਕੇ ਸਾਂਝੇ ਤੌਰ 'ਤੇ ਦੂਜੇ ਸਥਾਨ 'ਤੇ ਚੱਲ ਰਹੀਆਂ ਹਨ। ਅੰਡਰ-16 ਉਮਰ ਵਰਗ ਵਿਚ ਭਾਰਤ ਦੇ ਅਰੋਣਯਕ ਘੋਸ਼ 4.5 ਅੰਕ ਬਣਾ ਕੇ ਇਸਰਾਈਲ ਦੇ ਆਰਸ਼ ਦਾਗਲੀ ਤੇ ਰੂਸ ਦੇ ਰੂਡਿਕ ਮਕਰਾਈਨ ਦੇ ਨਾਲ ਸਾਂਝੀ ਬੜ੍ਹਤ 'ਤੇ ਚੱਲ ਰਹੇ ਹਨ ਤੇ ਬਾਲਿਕਾ ਵਰਗ ਵਿਚ ਮੋਨਿਕਾ ਅਕਸ਼ੈ, ਮੇਹੰਦੀ ਸਿਲ ਤੇ ਸਾਇਨਾ ਸੋਨਾਲਿਕਾ 4 ਅੰਕਾਂ ਨਾਲ ਸਾਂਝੇ ਤੌਰ 'ਤੇ ਦੂਜੇ ਸਥਾਨ 'ਤੇ ਚੱਲ ਰਹੀਆਂ ਹਨ।
ਅੰਡਰ-14 ਉਮਰ ਵਰਗ ਵਿਚ ਭਾਰਤ ਦਾ ਆਦਿੱਤਿਆ  ਸਾਮੰਤ 4.5 ਅੰਕਾਂ ਨਾਲ ਅਜਰਬੈਜਾਨ ਦੇ ਅਦਿਨ ਸੁਲੇਮਾਨਲੀ ਤੇ ਹਮਵਤਨ ਪ੍ਰਣਵ ਆਨੰਦ ਨਾਲ ਸਾਂਝੀ ਬੜ੍ਹਤ 'ਤੇ ਹਨ ਤੇ ਬਾਲਿਕਾ ਵਰਗ ਵਿਚ ਭਾਰਤ ਦੀ ਰਕਿਸ਼ਤਾ ਰਵੀ ਨੀਦਰਲੈਂਡ ਦੀ ਐਲਿਨੇ ਰੋਬੇਰਸ ਨਾਲ 4.5 ਅੰਕਾਂ 'ਤੇ ਸਾਂਝੀ ਬੜ੍ਹਤ 'ਤੇ ਚੱਲ ਰਹੀ ਹੈ ਜਦਕਿ ਧਿਆਨਾ ਪਟੇਲ ਐਸਰਾਯੂ ਵੇਪੁਲਾ 4 ਅੰਕਾਂ 'ਤੇ ਖੇਡ ਰਹੀ ਹੈ।

Gurdeep Singh

This news is Content Editor Gurdeep Singh