ਚੇਨਈਅਨ ਨੇ ਗੋਆ ਨੂੰ ਹਰਾਇਆ, ਫਾਈਨਲ 'ਚ ਬੈਂਗਲੁਰੂ ਨਾਲ ਹੋਵੇਗਾ ਮੁਕਾਬਲਾ

03/14/2018 10:24:03 AM

ਚੇਨਈ, (ਬਿਊਰੋ)— ਚੇਨਈਅਨ ਐੱਫ.ਸੀ. ਨੇ ਅੱਜ ਇੱਥੇ ਇੰਡੀਅਨ ਸੁਪਰ ਲੀਗ ਦੇ ਸੈਮੀਫਾਈਨਲ 'ਚ ਦੂਜੇ ਪੜਾਅ 'ਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਐੱਫ.ਸੀ. ਗੋਆ ਨੂੰ 3-0 ਨਾਲ ਹਰਾ ਕੇ 4-1 ਦੇ ਸਕੋਰ ਨਾਲ ਫਾਈਨਲ 'ਚ ਪ੍ਰਵੇਸ਼ ਕੀਤਾ, ਜਿੱਥੇ ਉਨ੍ਹਾਂ ਦਾ ਸਾਹਮਣਾ ਬੈਂਗਲੁਰੂ ਐੱਫ.ਸੀ. ਨਾਲ ਹੋਵੇਗਾ। ਜੇਜੇ ਲਾਲਪੇਖਲੁਆ ਨੇ ਦੋ ਗੋਲ ਦਾਗੇ ਅਤੇ ਉਹ ਮੈਚ ਦੇ ਸਟਾਰ ਰਹੇ। ਉਨ੍ਹਾਂ ਨੇ 26ਵੇਂ ਅਤੇ 90ਵੇਂ ਮਿੰਟ 'ਚ ਗੋਲ ਦਾਗ ਕੇ ਚੇਨਈਅਨ ਐੱਫ.ਸੀ. ਨੂੰ ਦੂਜੀ ਵਾਰ ਆਈ.ਐੱਸ.ਐੱਲ. ਫਾਈਨਲ 'ਚ ਪਹੁੰਚਾਉਣ 'ਚ ਅਹਿਮ ਭੂਮਿਕਾ ਅਦਾ ਕੀਤੀ। ਚੇਨਈ ਦੀ ਟੀਮ ਨੇ 2015 'ਚ ਖਿਤਾਬ ਆਪਣੇ ਨਾਂ ਕੀਤਾ ਸੀ।

ਨਹਿਰੂ ਸਟੇਡੀਅਮ 'ਚ ਸਥਾਨਕ ਖਿਡਾਰੀ ਧਨਪਾਲ ਗਣੇਸ਼ ਨੇ 29ਵੇਂ ਮਿੰਟ 'ਚ ਹੈਡਰ ਤੋਂ ਕੀਤੇ ਗਏ ਸ਼ਾਨਦਾਰ ਗੋਲ ਨਾਲ ਟੀਮ ਨੂੰ 2-0 ਨਾਲ ਅੱਗੇ ਕਰ ਦਿੱਤਾ ਸੀ। ਚੇਨਈਅਨ ਦੀ ਟੀਮ ਹੁਣ ਬੈਂਗਲੁਰੂ 'ਚ ਸ਼੍ਰੀ ਕਾਂਤੀਵੀਰਾ ਸਟੇਡੀਅਮ 'ਚ 17 ਮਾਰਚ ਨੂੰ ਹੋਣ ਵਾਲੇ ਫਾਈਨਲ 'ਚ ਬੈਂਗਲੁਰੂ ਐੱਫ.ਸੀ. ਨਾਲ ਭਿੜੇਗੀ। ਬੈਂਗਲੁਰੂ ਐੱਫ.ਸੀ. ਨੇ ਸੈਮੀਫਾਈਨਲ 'ਚ ਐੱਫ.ਸੀ. ਪੁਣੇ ਸਿਟੀ ਨੂੰ ਕੁਲ 3-1 ਦੇ ਸਕੋਰ ਨਾਲ ਹਰਾਇਆ ਸੀ। ਪਹਿਲੇ ਹਾਫ 'ਚ ਹਾਲਾਂਕਿ ਗੋਆ ਦੀ ਟੀਮ ਨੇ 61 ਫੀਸਦੀ ਗੇਂਦ 'ਤੇ ਦਬਦਬਾ ਬਣਾਏ ਰਖਿਆ ਪਰ ਇਸ ਦਾ ਅਸਰ ਮੇਜ਼ਬਾਨ ਟੀਮ 'ਤੇ ਨਹੀਂ ਪਿਆ, ਜਿਸ ਨੇ ਪਹਿਲੇ ਹਾਫ 'ਚ ਦੋ ਗੋਲ ਕਰ ਲਏ। ਦੋਹਾਂ ਟੀਮਾਂ ਵਿਚਾਲੇ ਪਹਿਲਾ ਪੜਾਅ 1-1 ਨਾਲ ਡਰਾਅ 'ਤੇ ਖਤਮ ਹੋਇਆ ਸੀ।