ਚੇਨਈ ਦੀ ਵਾਪਸੀ ਦਾ ਸਾਰਿਆਂ ਨੂੰ ਇੰਤਜ਼ਾਰ : ਧੋਨੀ

07/24/2017 1:32:45 AM

ਚੇਨਈ —ਇੰਡੀਅਨ ਪ੍ਰੀਮੀਅਰ ਲੀਗ (ਆਈ.ਪੀ.ਐੱਲ.) ਵਿਚ ਅੱਠ ਸਾਲਾਂ ਤਕ ਚੇਨਈ ਸੁਪਰ ਕਿੰਗਜ਼ ਦੀ ਕਮਾਨ ਸੰਭਾਲਣ ਵਾਲੇ ਮਹਿੰਦਰ ਸਿੰਘ ਧੋਨੀ ਦਾ ਕਹਿਣਾ ਹੈ ਕਿ ਸਾਰਿਆਂ ਨੂੰ ਚੇਨਈ ਟੀਮ ਦੀ ਆਈ.ਪੀ. ਐੱਲ. ਵਿਚ ਵਾਪਸੀ ਦਾ ਬੇਸਬਰੀ ਨਾਲ ਇੰਤਜ਼ਾਰ ਹੈ।
ਤਾਮਿਲਨਾਡੂ ਪ੍ਰੀਮੀਅਰ ਲੀਗ ਲਈ ਇਥੇ ਆਏ ਸਾਬਕਾ ਭਾਰਤੀ ਕਪਤਾਨ ਧੋਨੀ ਨੇ ਦੋ ਸਾਲ ਬਾਅਦ ਚੇਨਈ ਦੀ ਵਾਪਸੀ 'ਤੇ ਕਿਹਾ ਕਿ ਚੇਨਈ ਦੇ ਪ੍ਰਸ਼ੰਸਕਾਂ ਦੀ ਗਿਣਤੀ ਕਾਫੀ ਹੈ। ਪਿਛਲੇ ਦੋ ਸਾਲਾਂ ਵਿਚ ਅਸੀਂ ਇਥੇ ਨਹੀਂ ਖੇਡੇ ਸੀ ਪਰ ਜਿਸ ਤਰ੍ਹਾਂ ਪ੍ਰਸ਼ੰਸਕਾਂ ਨੇ ਸਾਨੂੰ ਸਮਰਥਨ ਦਿੱਤਾ, ਉਸ ਤੋਂ ਲੱਗ ਰਿਹਾ ਸੀ ਕਿ ਉਹ ਚੇਨਈ ਦੀ ਵਾਪਸੀ ਦਾ ਬੇਸਬਰੀ ਨਾਲ ਇੰੰਤਜ਼ਾਰ ਕਰ ਰਹੇ ਹਨ।
ਚੇਨਈ ਦੀ ਟੀਮ ਫਿਕਸਿੰਗ ਕਾਰਨ ਉਸ 'ਤੇ ਲੱਗੀ ਦੋ ਸਾਲ ਦੀ ਪਾਬੰਦੀ ਪੂਰੀ ਕਰਨ ਤੋਂ ਬਾਅਦ ਵਾਪਸ ਆਈ. ਪੀ. ਐੱਲ. ਵਿਚ ਪਰਤ ਰਹੀ ਹੈ ਤੇ ਉਹ 2018 ਵਿਚ 11ਵੇਂ ਸੈਸ਼ਨ ਵਿਚ ਖੇਡਣ ਲਈ ਉਪਲੱਬਧ ਰਹੇਗੀ। ਧੋਨੀ ਚੇਨਈ 'ਤੇ ਲੱਗੀ ਦੋ ਸਾਲ ਦੀ ਪਾਬੰਦੀ ਕਾਰਨ ਨਵੀਂ ਟੀਮ ਪੁਣੇ ਵਲੋਂ ਖੇਡਿਆ ਸੀ ਤੇ ਹੁਣ ਪੂਰੀ ਸੰਭਾਵਨਾ ਹੈ ਕਿ ਉਹ ਵਾਪਸ ਆਪਣੀ ਪੁਰਾਣੀ ਟੀਮ ਚੇਨਈ 'ਚ ਪਰਤੇਗਾ। 
ਧੋਨੀ ਨੇ ਕਿਹਾ ਕਿ ਇਸ ਦੌਰਾਨ ਚੇਨਈ 'ਚ ਇਕ ਟੈਸਟ ਮੈਚ ਵੀ ਹੋਇਆ ਪਰ ਇਥੇ ਸੀਮਤ ਓਵਰਾਂ ਦੇ ਮੈਚ ਨਹੀਂ ਖੇਡੇ ਗਏ, ਇਸ ਲਈ ਮੈਨੂੰ ਲੱਗਦਾ ਹੈ ਕਿ ਇਥੋਂ ਦੇ ਦਰਸ਼ਕ ਤੇ ਪ੍ਰਸ਼ੰਸਕ ਕਾਫੀ ਉਤਸ਼ਾਹਿਤ ਹਨ। ਪ੍ਰਸ਼ੰਸਕ ਇੰਤਜ਼ਾਰ ਕਰ ਰਹੇ ਹਨ ਕਿ ਟੀਮ ਚੇਪਕ ਮੈਦਾਨ 'ਤੇ ਪਰਤੇ ਤੇ ਖੇਡੇ।