ਇੰਦੌਰ ਵਿਚ ਭਾਰਤ-ਸ਼੍ਰੀਲੰਕਾ ਟੀ-20 ਮੈਚ ਦੀ ਸਭ ਤੋਂ ਸਸਤੀ ਟਿਕਟ 500 ਰੁਪਏ

12/24/2019 6:43:36 PM

ਇੰਦੌਰ : ਮੱਧ ਪ੍ਰਦੇਸ਼ ਕ੍ਰਿਕਟ ਸੰਗਠਨ (ਐੱਮ. ਪੀ. ਸੀ. ਏ.) ਨੇ ਇੱਥੇ ਭਾਰਤ ਅਤੇ ਸ਼੍ਰੀਲੰਕਾ ਵਿਚਾਲੇ ਆਗਾਮੀ 7 ਜਨਵਰੀ ਨੂੰ ਖੇਡੇ ਜਾਣ ਵਾਲੇ ਟੀ-20 ਕੌਮਾਂਤਰੀ ਮੈਚ ਦੀਆਂ ਟਿਕਟਾਂ ਦੇ ਰੇਟਾਂ ਦਾ ਐਲਾਨ ਕਰ ਦਿੱਤਾ ਹੈ। ਦੋਵੇਂ ਦੇਸ਼ਾਂ ਦੀ ਟੀ-20 ਸੀਰੀਜ਼ ਦੇ ਇਸ ਦੂਜੇ ਮੈਚ ਦੇ ਸਭ ਤੋਂ ਸਸਤੀ ਟਿਕਟ ਲਈ ਦਰਸ਼ਕਾਂ ਨੂੰ 500 ਰੁਪਏ ਖਰਚ ਕਰਨੇ ਹੋਣਗੇ। ਐੱਮ. ਪੀ. ਸੀ. ਏ. ਦੇ ਇਕ ਅਧਿਕਾਰੀ ਨੇ ਮੰਗਲਵਾਰ ਨੂੰ ਦੱਸਿਆ ਕਿ ਹੋਲਕਰ ਸਟੇਡੀਅਮ ਵਿਚ ਆਯੋਜਿਤ ਇਸ ਟੀ-20 ਕੌਮਾਂਤਰੀ ਮੁਕਾਬਲੇ ਦਾ ਗਵਾਹ ਬਣਨ ਦੀ ਇੱਛਾ ਰੱਖਣ ਵਾਲੇ ਦਰਸ਼ਕਾਂ ਨੂੰ ਆਮ ਸ਼੍ਰੇਣੀਆਂ ਦੀ ਵੱਖ-ਵੱਖ ਗੈਲਰੀਆਂ ਦੀ ਹਰੇਕ ਟਿਕਟ ਲਈ 500 ਤੋਂ 4920 ਰੁਪਏ ਤਕ ਖਰਚ ਕਰਨੇ ਹੋਣਗੇ। ਇਸ ਸਟੇਡੀਅਮ ਦੀ ਸਮਰੱਥਾ ਕਰੀਬ 27000 ਦਰਸ਼ਕਾਂ ਦੀ ਹੈ।

ਅਧਿਕਾਰੀ ਨੇ ਦੱਸਿਆ ਕਿ ਟਿਕਟਾਂ ਦੀ ਆਨਲਾਈਨ ਵਿਕਰੀ ਕਲ ਬੁੱਧਵਾਰ ਸਵੇਰੇ 6 ਵਜੇ ਤੋਂ ਸ਼ੁਰੂ ਹੋਵੇਗੀ। ਭਾਰਤੀ ਟੀਮ ਆਪਣੀ ਧਰਤੀ 'ਤੇ ਸ਼੍ਰੀਲੰਕਾ ਖਿਲਾਫ ਆਗਾਮੀ 5 ਜਨਵਰੀ ਤੋਂ 3 ਟੀ-20 ਮੈਚਾਂ ਦੀ ਸੀਰੀਜ਼ ਖੇਡੇਗੀ। ਇਹ ਮੈਚ ਕ੍ਰਮਵਾਰ : ਗੁਹਾਟੀ, ਇੰਦੌਰ ਅਤੇ ਪੁਣੇ ਵਿਚ ਖੇਡੇ ਜਾਣੇ ਹਨ।