ਪਰਿਵਾਰ ਵਧਾਉਣ ਲਈ ਟੈਨਿਸ ਦਾ ਸਾਥ ਛੱਡੇਗੀ ਕੈਰੋਲਿਨ ਵੋਜਨਿਆਕੀ

12/08/2019 11:40:39 AM

ਨਵੀਂ ਦਿੱਲੀ : ਟੈਨਿਸ ਵਿਚ ਦੁਨੀਆ ਦੀ ਨੰਬਰ ਵਨ ਮਹਿਲਾ ਪਲੇਅਰ ਰਹੀ ਕੈਰੋਲਿਨ ਵੋਜਨਿਆਕੀ ਨੇ ਪਰਿਵਾਰ ਵਧਾਉਣ ਲਈ ਟੈਨਿਸ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ ਹੈ। ਕੈਰੋਲਿਨ ਅਗਲੇ ਸਾਲ ਜਨਵਰੀ ਵਿਚ ਹੋਣ ਵਾਲੇ ਆਸਟਰੇਲੀਅਨ ਓਪਨ ਤੋਂ ਬਾਅਦ ਟੈਨਿਸ ਕਰੀਅਰ ਨੂੰ ਅਲਵਿਦਾ ਕਹਿ ਦੇਵੇਗੀ। ਵੋਜਨਿਆਕੀ ਨੇ ਕਿਹਾ, ''ਮੈਂ ਹਮੇਸ਼ਾ ਖੁਦ ਨੂੰ ਦੱਸਦੀ ਹਾਂ, ਜਦੋਂ ਸਮਾਂ ਆਉਂਦਾ ਹੈ ਕਿ ਟੈਨਿਸ ਤੋਂ ਇਲਾਵਾ ਹੋਰ ਕਿਹੜੀਆਂ ਚੀਜ਼ਾਂ ਹਨ, ਜਿਹੜੀਆਂ ਮੈਂ ਕਰਨਾ ਚਾਹੁੰਦੀ ਹਾਂ ਤੇ ਇਹ ਕਰਨ ਦਾ ਢੁੱਕਵਾਂ ਸਮਾਂ ਵੀ ਹੈ। ਹਾਲ ਹੀ ਦੇ ਮਹੀਨਿਆਂ ਵਿਚ ਮੈਂ ਮਹਿਸੂਸ ਕੀਤਾ ਹੈ ਕਿ ਜ਼ਿੰਦਗੀ ਵਿਚ ਹੋਰ ਵੀ ਬਹੁਤ ਕੁਝ ਹੈ, ਜਿਹੜਾ ਮੈਂ ਕੋਰਟ ਦੇ ਬਾਹਰ ਵੀ ਪੂਰਾ ਕਰਨਾ ਚਾਹੁੰਦੀ ਹਾਂ।''

ਵੋਜਨਿਆਕੀ ਨੇ ਕਿਹਾ, ''ਮੈਂ ਆਪਣੀ ਜ਼ਿੰਦਗੀ ਵਿਚ ਕੁਝ ਟੀਚੇ ਤੈਅ ਕੀਤੇ ਸਨ। ਇਸ ਦੇ ਤਹਿਤ ਡੇਵਿਡ ਨਾਲ ਵਿਆਹ ਕਰਨਾ, ਦੁਨੀਆ ਦੀ ਸੈਰ ਕਰਦੇ ਰਹਿਣਾ, ਪਰਿਵਾਰ ਸ਼ੁਰੂ ਕਰਨਾ ਤੇ ਰੂਮੇਟੀਇਡ ਗਠੀਏ ਬਾਰੇ ਜਾਗਰੂਕਤਾ ਵਧਾਉਣਾ ਮੇਰਾ ਮਕਸਦ ਹੈ। ਇਸ ਲਈ ਮੈਂ ਐਲਾਨ ਕਰ ਰਹੀ ਹਾਂ ਕਿ ਜਨਵਰੀ ਵਿਚ ਆਸਟਰੇਲੀਅਨ ਓਪਨ ਤੋਂ ਬਾਅਦ ਪੇਸ਼ੇਵਰ ਟੈਨਿਸ ਤੋਂ ਸੰਨਿਆਸ ਲੈ ਲਵਾਂਗੀ। ਇਸ ਦਾ ਮੇਰੀ ਸਿਹਤ ਨਾਲ ਕੋਈ ਲੈਣਾ-ਦੇਣਾ ਨਹੀਂ ਹੈ ਤੇ ਇਹ ਆਖਰੀ ਅਲਵਿਦਾ ਨਹੀਂ ਹੈ। ਮੈਂ ਆਪਣੀ ਰੋਮਾਂਚਕ ਯਾਤਰਾ ਨੂੰ ਤੁਹਾਡੇ ਸਾਰਿਆਂ ਨਾਲ ਸਾਂਝੀ ਕਰਨ ਲਈ ਉਤਸ਼ਾਹਿਤ ਹਾਂ।'' ਕੈਰੋਲਿਨ ਨੇ ਕਿਹਾ ਕਿ ਜਦੋਂ ਮੈਂ 15 ਸਾਲ ਦੀ ਸੀ, ਉਦੋਂ ਪੇਸ਼ੇਵਰ ਰੂਪ ਨਾਲ ਖੇਡਣਾ ਸ਼ੁਰੂ ਕਰ ਦਿੱਤਾ ਸੀ। ਉਸ ਸਮੇਂ ਮੈਂ ਆਪਣੀ ਜ਼ਿੰਦਗੀ ਦਾ ਇਕ ਅਦਭੁੱਤ ਪਹਿਲਾ ਤਜਰਬਾ ਕੀਤਾ ਸੀ। 30 ਸਾਲ ਡਬਲਯੂ. ਟੀ. ਏ. ਸਿੰਗਲਜ਼ ਖਿਤਾਬ ਦੇ ਨਾਲ, 71 ਹਫਤੇ ਲਈ ਵਿਸ਼ਵ ਨੰਬਰ 1 ਰੈਂਕਿੰਗ, ਇਕ ਡਬਲਯੂ. ਟੀ. ਏ. ਫਾਈਨਲ ਜਿੱਤ, 3 ਓਲੰਪਿਕ, ਜਿਸ ਵਿਚ ਮੇਰੇ ਮੂਲ ਡੈੱਨਮਾਰਕ ਲਈ ਝੰਡਾ ਲਿਜਾਣਾ ਤੇ ਆਸਟਰੇਲੀਆਈ ਓਪਨ ਜਿੱਤਣਾ ਸ਼ਾਮਲ ਹਨ। ਮੈਂ ਉਹ ਸਭ ਕੁਝ ਟੈਨਿਸ 'ਤੇ ਪੂਰਾ ਕੀਤਾ ਹੈ, ਜਿਹੜੇ ਮੈਂ ਕਦੇ ਸੁਪਨੇ ਵਿਚ ਦੇਖਦੀ ਸੀ।