ਕਾਰਲਸਨ ਨੇ ਬਚਾਇਆ ਨੰਬਰ-1 ਦਾ ਤਾਜ

06/17/2017 11:11:01 AM

ਸਟੈਵੈਂਗਰ (ਨਾਰਵੇ), (ਨਿਖਲੇਸ਼ ਜੈਨ)— ਨਾਰਵੇ ਸ਼ਤਰੰਜ ਟੂਰਨਾਮੈਂਟ-2017 ਦੇ 8ਵੇਂ ਰਾਊਂਡ ਵਿਚ ਵਲਾਦੀਮੀਰ ਕ੍ਰਾਮਨਿਕ ਦੀ ਹਾਰ ਕਾਰਨ ਮੇਗਨਸ ਕਾਰਲਸਨ ਨੇ ਆਪਣਾ ਮੈਚ ਜਿੱਤ ਕੇ ਆਪਣੇ ਵਿਸ਼ਵ ਨੰਬਰ-1 ਦਾ ਤਾਜ਼ ਬਚਾ ਲਿਆ। 7ਵੇਂ ਰਾਊਂਡ ਵਿਚ ਕ੍ਰਾਮਨਿਕ ਦੇ ਹੱਥੋਂ ਹਾਰ ਤੋਂ ਬਾਅਦ ਕਾਰਲਸਨ ਦੀ ਵਿਸ਼ਵ ਨੰਬਰ ਇਕ ਦੀ ਕੁਰਸੀ ਖਤਰੇ ਵਿਚ ਪੈ ਗਈ ਸੀ। ਅੱਜ ਹੋਏ ਮੁਕਾਬਲੇ ਵਿਚ ਉਨ੍ਹਾਂ ਆਪਣੇ ਮੁੱਖ ਵਿਰੋਧੀ ਸੇਰਜੀ ਕਰਜ਼ਾਕਿਨ ਨੂੰ ਹਰਾਉਂਦੇ ਹੋਏ ਖੁਦ ਦੀ ਰੇਟਿੰਗ ਨੂੰ 4 ਅੰਕਾਂ ਨਾਲ ਵਧਾ ਲਿਆ।
ਫਿਲਹਾਲ ਉਸਦੀ ਰੇਟਿੰਗ 2822 ਅੰਕ ਹੋ ਗਈ ਹੈ। ਉਥੇ ਹੀ ਕ੍ਰਾਮਨਿਕ ਨੂੰ ਅੱਜ ਆਖਰੀ ਪਾਏਦਾਨ 'ਤੇ ਚਲ ਰਹੇ ਮੈਕਸਿਮ ਲੈਗ੍ਰੇਵ ਨੇ ਹਰਾ ਕੇ ਉਲਟਫੇਰ ਕਰ ਦਿੱਤਾ। ਇਸ ਹਾਰ ਨਾਲ ਕ੍ਰਾਮਨਿਕ 4 ਅੰਕਾਂ ਦੇ ਨੁਕਸਾਨ ਨਾਲ 2808 'ਤੇ ਪਹੁੰਚ ਗਿਆ ਅਤੇ ਇਸ ਨਾਲ ਫਿਲਹਾਲ ਤਾਂ ਕਾਰਲਸਨ ਦਾ ਵਿਸ਼ਵ ਨੰਬਰ-1 ਬਣੇ ਰਹਿਣਾ ਤੈਅ ਹੋ ਗਿਆ ਹੈ।

ਆਨੰਦ ਨੇ ਖੇਡਿਆ ਮੈਚ ਡਰਾਅ
ਭਾਰਤ ਦੇ ਵਿਸ਼ਵਨਾਥਨ ਆਨੰਦ ਨੇ ਇਕ ਵਾਰ ਫਿਰ ਚੰਗੀ ਖੇਡ ਵਿਖਾਉਂਦੇ ਹੋਏ ਪ੍ਰਤੀਯੋਗਿਤਾ ਵਿਚ ਸਭ ਤੋਂ ਅੱਗੇ ਚਲ ਰਹੇ ਲੇਵਾਨ ਓਰੇਨੀਅਨ ਨੂੰ ਇਹ ਰੋਮਾਂਚਕ ਸਥਿਤੀ ਵਿਚ ਡਰਾਅ 'ਤੇ ਰੋਕ ਦਿੱਤਾ। ਚੌਥੇ ਰਾਊਂਡ ਵਿਚ ਅਨੀਸ਼ ਗਿਰੀ ਦੇ ਹੱਥੋਂ ਹਾਰਨ ਤੋਂ ਬਾਅਦ ਆਨੰਦ ਨੇ ਲਗਾਤਾਰ ਵਧੀਆ ਖੇਡ ਵਿਖਾਈ। ਓਰੇਨੀਅਨ ਨੇ ਮੈਚ ਦੀ ਸ਼ੁਰੂਆਤ ਰਾਣੀ ਦੇ ਪਿਆਦਿਆਂ ਨੂੰ 2 ਘਰ ਚੱਲ ਕੇ ਕੀਤੀ। ਆਨੰਦ ਨੇ ਰਾਜਾ ਦੇ ਘੋੜੇ ਨੂੰ ਚਲ ਕੇ ਜਵਾਬ ਦਿੱਤਾ। 32 ਚਾਲਾਂ ਤਕ ਚੱਲੇ ਇਸ ਮੈਚ ਵਿਚ ਇਕ ਸਮੇਂ ਓਪਨਿੰਗ ਤੋਂ ਬਾਅਦ ਓਰੇਨੀਅਨ ਥੋੜ੍ਹਾ ਵਧੀਆ ਨਜ਼ਰ ਆ ਰਿਹਾ ਸੀ। ਉਸਨੇ ਆਨੰਦ 'ਤੇ ਦਬਾਅ ਬਣਾਉਣ ਦੀ ਕੋਸ਼ਿਸ਼ ਵੀ ਕੀਤੀ ਪਰ ਉਹ ਬਹੁਤ ਕੋਸ਼ਿਸ਼ ਤੋਂ ਬਾਅਦ ਵੀ ਆਨੰਦ ਦੇ ਕਿਲੇ ਦਾ ਭੇਦ ਨਹੀਂ ਪਾ ਸਕਿਆ ਅਤੇ ਮਜਬੂਰਨ ਉਸਨੂੰ ਡਰਾਅ ਨੂੰ ਸਵੀਕਾਰ ਕਰਨਾ ਪਿਆ।