ਜਿੱਤ ਤੋਂ ਬਾਅਦ ਕਪਤਾਨ ਡੀ ਕੌਕ ਨੇ ਟੀਮ ਦੀ ਬੱਲੇਬਾਜ਼ੀ ਨੂੰ ਲੈ ਕੇ ਦਿੱਤਾ ਵੱਡਾ ਬਿਆਨ

09/23/2019 12:36:15 PM

ਬੈਂਗਲੁਰੂ : ਭਾਰਤ ਖਿਲਾਫ ਵੱਡੀ ਜਿੱਤ ਦਰਜ ਕਰਨ ਤੋਂ ਬਾਅਦ ਦੱਖਣੀ ਅਫਰੀਕਾ ਦੇ ਕਪਤਾਨ ਕਵਿੰਟਨ ਡੀ ਕੌਕ ਤੀਜੇ ਅਤੇ ਆਖਰੀ ਟੀ-20 ਕੌਮਾਂਤਰੀ ਮੈਚ ਵਿਚ ਵਾਪਸੀ ਕਰਦਿਆਂ ਸੀਰੀਜ਼ ਬਰਾਬਰ ਕਰਾਉਣ ਦੇ ਆਪਣੀ ਟੀਮ ਦੇ ਤਰੀਕੇ ਤੋਂ ਕਾਫੀ ਪ੍ਰਭਾਵਿਤ ਹਨ। ਭਾਰਤੀ ਟੀਮ ਪਹਿਲਾਂ ਬੱਲੇਬਾਜ਼ੀ ਕਰਦਿਆਂ 6 ਓਵਰਾਂ ਵਿਚ ਇਕ ਵਿਕਟ 'ਤੇ 54 ਦੌੜਾਂ ਬਣਾ ਕੇ ਚੰਗੀ ਸਥਿਤੀ ਵਿਚ ਸੀ ਪਰ ਇਸ ਤੋਂ ਬਾਅਦ ਮਹਿਮਾਨ ਟੀਮ ਨੇ ਜ਼ੋਰਦਾਰ ਵਾਪਸੀ ਕੀਤੀ। ਡੀ ਕਾਕ ਨੇ ਦੱਖਣੀ ਅਫਰੀਕਾ ਦੀ 9 ਵਿਕਟਾਂ ਦੀ ਜਿੱਤ ਤੋਂ ਬਾਅਦ ਪ੍ਰੈਸ ਕੰਫ੍ਰੈਂਸ ਵਿਚ ਕਿਹਾ, ''ਉਨ੍ਹਾਂ ਦੀ ਸ਼ੁਰੂਆਤ ਚੰਗੀ ਰਹੀ ਪਰ ਲੜਕਿਆਂ ਨੇ ਜਿਸ ਤਰ੍ਹਾਂ ਵਾਪਸੀ ਕੀਤੀ ਮੈਂ ਉਨ੍ਹਾਂ ਤੋਂ ਕਾਫੀ ਪ੍ਰਭਾਵਿਤ ਹਾਂ। ਉਨ੍ਹਾਂ ਨੇ ਹਾਲਾਤ ਨੂੰ ਚੰਗੀ ਤਰ੍ਹਾਂ ਸਮਝਿਆ, ਆਪਣੀ ਰਣਨੀਤੀ 'ਤੇ ਕਾਇਮ ਰਹੇ ਅਤੇ ਭਾਰਤ 'ਤੇ ਦਬਾਅ ਬਣਾ ਕੇ ਰੱਖਿਆ।''

ਡੀ ਕੌਕ ਨੇ 52 ਗੇਂਦਾਂ ਵਿਚ 79 ਦੌੜਾਂ ਦੀ ਅਜੇਤੂ ਪਾਰੀ ਖੇਡ ਕੇ ਐੱਮ. ਚਿੰਨਾਸਵਾਮੀ ਸਟੇਡੀਅਮ ਵਿਚ ਦੱਖਣੀ ਅਫਰੀਕਾ ਦੀ ਜਿੱਤ ਵਿਚ ਮਹੱਤਵਪੂਰਨ ਭੂਮਿਕਾ ਨਿਭਾਈ ਪਰ ਸ਼ੁਰੂਆਤ ਵਿਚ ਮਹਿਮਾਨ ਟੀਮ ਲਈ ਬੱਲੇਬਾਜ਼ੀ ਕਰਨਾ ਆਸਾਨ ਨਹੀਂ ਸੀ। ਦੱਖਣੀ ਅਫਰੀਕਾ ਦੇ ਕਪਤਾਨ ਨੇ ਕਿਹਾ, ''ਪਹਿਲਾਂ 4 ਓਵਰਾਂ ਵਿਚ ਉਨ੍ਹਾਂ ਨੇ ਸਾਡੇ 'ਤੇ ਕਾਫੀ ਦਬਾਅ ਪਾਇਆ, ਦੌੜਾਂ ਬਣਾਉਣ ਲਈ ਕਾਫੀ ਮੌਕੇ ਦਿੱਤੇ, ਕਾਫੀ ਖਰਾਬ ਗੇਂਦਾਂ ਸੁੱਟੀਆਂ ਅਤੇ ਗੇਂਦ ਵੀ ਕਾਫੀ ਸਵਿੰਗ ਕਰ ਰਹੀ ਸੀ। ਅਸੀਂ ਹਾਲਾਂਕਿ ਡਟੇ ਰਹੇ ਅਤੇ ਅਸੀਂ ਸਿਰਫ ਦਬਾਅ 'ਤੋਂ ਨਜਿੱਠਣ ਦੀ ਕੋਸ਼ਿਸ਼ ਕੀਤੀ।''