ਰਾਊਂਡ-16 ''ਚ ਜਗ੍ਹਾ ਬਣਾ ਸਕਦੈ ਭਾਰਤ : ਭੂਟੀਆ

05/09/2018 10:46:52 AM

ਨਵੀਂ ਦਿੱਲੀ—ਸਾਬਕਾ ਭਾਰਤੀ ਫੁੱਟਬਾਲ ਕਪਤਾਨ ਤੇ ਦੇਸ਼ ਲਈ 100 ਤੋਂ ਵੱਧ ਕੌਮਾਂਤਰੀ ਮੈਚ ਖੇਡਣ ਵਾਲੇ ਇਕਲੌਤੇ ਖਿਡਾਰੀ ਬਾਈਚੁੰਗ ਭੂਟੀਆ ਦਾ ਮੰਨਣਾ ਹੈ ਕਿ ਭਾਰਤ ਏ. ਐੱਫ. ਸੀ. ਏਸ਼ੀਅਨ ਕੱਪ ਫੁੱਟਬਾਲ ਟੂਰਨਾਮੈਂਟ-2019 ਵਿਚ ਆਪਣੇ ਗਰੁੱਪ ਵਿਚ ਟਾਪ-2 ਵਿਚ ਰਹਿ ਕੇ ਰਾਊਂਡ-16 ਵਿਚ ਜਗ੍ਹਾ ਬਣਾ ਸਕਦਾ ਹੈ।
ਭੂਟੀਆ ਨੇ ਕਿਹਾ ਕਿ ਮੈਂ ਭਾਰਤ ਨੂੰ ਮਿਲੇ ਗਰੁੱਪ ਤੋਂ ਕਾਫੀ ਖੁਸ਼ ਹਾਂ। ਅਸੀਂ ਲੱਕੀ ਹਾਂ ਕਿ ਸਾਨੂੰ ਕਿਸੇ ਏਸ਼ੀਆਈ ਸੁਪਰ ਪਾਵਰ, ਜਿਵੇਂ ਈਰਾਨ, ਜਾਪਾਨ, ਆਸਟਰੇਲੀਆ ਤੇ ਦੱਖਣੀ  ਕੋਰੀਆ ਦਾ ਗਰੁੱਪ ਨਹੀਂ ਮਿਲਿਆ।  ਡਰਾਅ ਦੇ ਹਰ ਪਾਰਟ ਵਿਚ ਛੇ ਟੀਮਾਂ ਸਨ ਤੇ ਅਸੀਂ ਉਨ੍ਹਾਂ ਸਾਰੀਆਂ ਟੀਮਾਂ ਤੋਂ ਬਚ ਗਏ, ਜਿਨ੍ਹਾਂ  ਨੇ ਇਸ ਸਾਲ ਹੋਣ ਵਾਲੇ ਵਿਸ਼ਵ ਕੱਪ ਲਈ ਕੁਆਲੀਫਾਈ ਕੀਤਾ ਹੈ।
ਭਾਰਤ ਦੇ ਗਰੁੱਪ ਦੇ ਆਸਾਨ ਹੋਣ ਬਾਰੇ ਪੁੱਛੇ ਜਾਣ 'ਤੇ ਭੂਟੀਆ ਨੇ ਕਿਹਾ, ''ਕੌਮਾਂਤਰੀ ਫੁੱਟਬਾਲ ਵਿਚ ਵੀ ਕੁਝ ਆਸਾਨ ਨਹੀਂ ਹੈ ਪਰ ਜੇਕਰ ਇਸ ਗਰੁੱਪ ਦੀ ਤੁਲਨਾ ਦੋਹਾ 2011 ਦੇ ਗਰੁੱਪ ਨਾਲ ਕੀਤੀ ਜਾਵੇ ਤਾਂ ਮੈਨੂੰ ਇਹ ਆਸਾਨ ਲੱਗਦਾ ਹੈ। ਉਸ ਸਮੇਂ ਉਸ ਗਰੁੱਪ ਵਿਚ ਵਿਸ਼ਵ ਕੱਪ ਖੇਡਣ ਵਾਲੀਆਂ ਟੀਮਾਂ ਆਸਟਰੇਲੀਆ ਤੇ ਕੋਰੀਆ ਮੌਜੂਦ ਸਨ ਤੇ ਨਾਲ ਹੀ ਸਾਡੇ ਗਰੁੱਪ ਦੀ ਇਕ ਹੋਰ ਟੀਮ ਬਹਿਰੀਨ ਸੀ, ਜਿਸ ਨੇ ਏਸ਼ੀਆ ਤੋਂ ਵਿਸ਼ਵ ਕੱਪ ਪਲੇਅ ਆਫ ਖੇਡਿਆ ਸੀ।