ਓਲੰਪਿਕ ਕੋਟਾ ਹਾਸਲ ਕਰਕੇ ਅੰਸ਼ੂ ਨੇ ਪਿਤਾ ਦੇ ਸੁਪਨੇ ਨੂੰ ਕੀਤਾ ਪੂਰਾ

05/22/2021 12:34:15 AM

ਜੀਂਦ (ਹਰਿਆਣਾ)– ਭਾਰਤੀ ਮਹਿਲਾ ਪਹਿਲਵਾਨ ਅੰਸ਼ੂ ਮਲਿਕ (57 ਕਿ. ਗ੍ਰਾ.) ਨੇ ਕੁਸ਼ਤੀ ਸ਼ੁਰੂ ਕਰਨ ਦੇ ਸਿਰਫ 7 ਸਾਲ ਦੇ ਅੰਦਰ ਹੀ ਓਲੰਪਿਕ ਕੋਟਾ ਹਾਸਲ ਕਰਕੇ ਆਪਣੇ ਪਿਤਾ ਧਰਮਵੀਰ ਦੇ ਉਸ ਸੁਪਨੇ ਨੂੰ ਪੂਰਾ ਕੀਤਾ ਹੈ, ਜਿਸ ਨੂੰ ਕਰਨ ਵਿਚ ਉਹ ਖੁਦ ਅਸਫਲ ਰਹੇ ਸਨ।
ਅੰਸ਼ੂ 7 ਸਾਲ ਪਹਿਲਾਂ ਜਦੋਂ 12 ਸਾਲ ਦੀ ਸੀ ਤਦ ਉਸ ਨੇ ਆਪਣੀ ਦਾਦੀ ਨੂੰ ਕਿਹਾ ਸੀ ਕਿ ਉਹ ਪਹਿਲਵਾਨ ਬਣਨਾ ਚਾਹੁੰਦੀ ਹੈ ਤੇ ਛੋਟੇ ਭਰਾ ਸ਼ੁਭਮ ਦੀ ਤਰ੍ਹਾਂ ਉਹ ਵੀ ਇੱਥੋਂ ਦੇ ਨਿਦਾਨੀ ਖੇਡ ਸਕੂਲ ਵਿਚ ਇਸਦੀ ਟ੍ਰੇਨਿੰਗ ਲੈਣਾ ਚਾਹੁੰਦੀ ਹੈ। ਧਰਮਵੀਰ ਨੂੰ ਇਸ ਤੋਂ ਬਾਅਦ ਇਸਦੇ ਬਾਰੇ ਕੁਝ ਮਹੀਨੇ ਵਿਚ ਪਤਾ ਲੱਗ ਗਿਆ ਕਿ ਉਸਦੀ ਬੇਟੀ ਕਿਸੇ ਵੀ ਲੜਕੇ ਤੋਂ ਘੱਟ ਨਹੀਂ ਹੈ। ਉਹ ਉਨ੍ਹਾਂ ਤੋਂ ਬਿਹਤਰ ਹੈ। ਧਰਮਵੀਰ ਪਹਿਲਾਂ ਆਪਣੇ ਬੇਟੇ ਨੂੰ ਪਹਿਲਵਾਨ ਬਣਾਉਣਾ ਚਾਹੁੰਦਾ ਸੀ, ਜੋ ਅੰਸ਼ੂ ਤੋਂ ਚਾਰ ਸਾਲ ਛੋਟਾ ਹੈ ਪਰ ਉਸ ਨੂੰ ਜਲਦੀ ਹੀ ਪਤਾ ਲੱਗ ਗਿਆ ਕਿ ਅੰਸ਼ੂ ਦੀ ਕਾਬਲੀਅਤ ਕਿਸੇ ਤੋਂ ਘੱਟ ਨਹੀਂ ਹੈ।

 ਇਹ ਖ਼ਬਰ ਪੜ੍ਹੋ- 1 ਜੂਨ ਨੂੰ ਟੀ20 ਵਿਸ਼ਵ ਕੱਪ ਦੇ ਆਯੋਜਨ ਸਥਾਨ ਨੂੰ ਲੈ ਕੇ ਹੋ ਸਕਦੈ ਫੈਸਲਾ

ਧਰਮਵੀਰ ਨੇ ਕਿਹਾ,‘‘ਸਿਰਫ ਛੇ ਮਹੀਨੇ ਦੀ ਟ੍ਰੇਨਿੰਗ ਤੋਂ ਬਾਅਦ ਉਸ ਨੇ ਉਨ੍ਹਾਂ ਲੜਕੀਆਂ ਨੂੰ ਹਰਾਉਣਾ ਸ਼ੁਰੂ ਕਰ ਦਿੱਤਾ, ਜਿਹੜੀਆਂ ਉਥੇ 3-4 ਸਾਲ ਤੋਂ ਅਭਿਆਸ ਕਰ ਰਹੀਆਂ ਸਨ। ਫਿਰ ਮੈਂ ਆਪਣਾ ਧਿਆਨ ਬੇਟੇ ਤੋਂ ਵੱਧ ਆਪਣੀ ਬੇਟੀ ’ਤੇ ਲਾਇਆ। ਉਸ ਵਿਚ ਚੰਗਾ ਕਰਨ ਦੀ ਲਾਲਸਾ ਸੀ।’’ ਨਿਦਾਨੀ ਪਿੰਡ ਵਿਚ ਖਾਟ ’ਤੇ ਬੈਠੀ ਅੰਸ਼ੂ ਨੇ ਆਪਣੇ ਪਿਤਾ ਤੋਂ ਤਾਰੀਫ ਸੁਣ ਕੇ ਮੁਸਕਰਾਉਂਦੇ ਹੋਏ ਕਿਹਾ ਕਿ ਉਸ ਨੂੰ ਅੱਜ ਵੀ ਉਹ ਦਿਨ ਯਾਦ ਹੈ। ਇਸ 19 ਸਾਲ ਦੀ ਪਹਿਲਵਾਨ ਨੇ ਕਿਹਾ, ‘‘ਹਾਂ, ਮੈਂ ਉਸ ਨੂੰ ਹਰਾ ਦਿੰਦੀ ਸੀ। ਅਖਾੜਿਆਂ ਨੇ ਮੈਨੂੰ ਹਮੇਸ਼ਾ ਪ੍ਰੇਰਿਤ ਕੀਤਾ ਕਿਉਂਕਿ ਮੇਰੇ ਪਿਤਾ, ਚਾਚਾ, ਦਾਦਾ, ਭਰਾ ਸਾਰੇ ਕੁਸ਼ਤੀ ਨਾਲ ਜੁੜੇ ਰਹੇ ਹਨ।’’ ਉਸਦੇ ਪਿਤਾ ਨੇ ਇਕ ਕੌਮਾਂਤਰੀ ਪ੍ਰਤੀਯੋਗਿਤਾ ਵਿਚ ਹਿੱਸਾ ਲਿਆ ਸੀ ਪਰ ਸੱਟ ਦੇ ਕਾਰਨ ਉਸਦਾ ਕਰੀਅਰ ਪਰਵਾਨ ਨਹੀਂ ਚੜਿਆ। ਉਸਦੇ ਚਾਚਾ ਪਵਨ ਕੁਮਾਰ ‘ਹਰਿਆਣਾ ਕੇਸਰੀ’ ਸਨ।

ਇਹ ਖ਼ਬਰ ਪੜ੍ਹੋ- PSEB 24 ਮਈ ਨੂੰ ਐਲਾਨੇਗਾ 5ਵੀਂ ਦਾ ਨਤੀਜਾ


ਅੰਸ਼ੂ ਤੋਂ ਜਦੋਂ ਉਸਦੇ ਸ਼ੁਰੂਆਤੀ ਦਿਨਾਂ ਵਿਚ ਨਿਦਾਨੀ ਖੇਡ ਸਕੂਲ ਦੇ ਟ੍ਰੇਨਿੰਗ ਸੈਂਟਰ ਦੇ ਬਾਰੇ ਵਿਚ ਪੁੱਛਿਆ ਗਿਆ ਤਾਂ ਉਸ ਨੇ ਕਿਹਾ,‘‘ਜੋ ਪਾਪਾ ਨੇ ਦੱਸਿਆ ਹੈ, ਉਹ ਸਹੀ ਹੈ ਜੀ।’’ ਟ੍ਰੇਨਿੰਗ ਸ਼ੁਰੂ ਕਰਨ ਦੇ 4 ਸਾਲ ਅੰਦਰ ਅੰਸ਼ੂ ਰਾਜ ਤੇ ਰਾਸ਼ਟਰੀ ਖਿਤਾਬ ਜਿੱਤਣ ਵਿਚ ਸਫਲ ਰਹੀ। ਉਸ ਨੇ 2016 ਵਿਚ ਏਸ਼ੀਆਈ ਕੈਡੇਟ ਚੈਂਪੀਅਨਸ਼ਿਪ ਵਿਚ ਚਾਂਦੀ ਤੇ ਫਿਰ ਵਿਸ਼ਵ ਕੈਡੇਟ ਚੈਂਪੀਅਨਸ਼ਿਪ ਵਿਚ ਕਾਂਸੀ ਤਮਗਾ ਜਿੱਤਿਆ। ਕੌਮਾਂਤਰੀ ਪੱਧਰ ਦੀਆਂ ਜੂਨੀਅਰ ਪ੍ਰਤੀਯੋਗਿਤਾਵਾਂ ਵਿਚ ਜ਼ਿਆਦਾ ਤਜਰਬਾ ਨਾ ਹੋਣ ਤੋਂ ਬਾਅਦ ਵੀ ਉਸ ਨੇ ਸੀਨੀਅਰ ਸਰਕਟ ਵਿਚ ਆਪਣੀ ਪਛਾਣ ਬਣਾਉਣੀ ਸ਼ੁਰੂ ਕਰ ਦਿੱਤੀ ਹੈ। ਉਸ ਨੇ ਹੁਣ ਤਕ ਸਿਰਫ 6 ਸੀਨੀਅਰ ਟੂਰਨਾਮੈਂਟਾਂ ਵਿਚ ਹਿੱਸਾ ਲਿਆ ਹੈ ਤੇ ਪੰਜ ਵਿਚ ਤਮਗੇ ਜਿੱਤੇ ਹਨ।
ਇਸ ਦੌਰਾਨ ਉਹ 57 ਕਿ. ਗ੍ਰਾ. ਵਿਚ ਏਸ਼ੀਆਈ ਚੈਂਪੀਅਨ ਵੀ ਬਣ ਗਈ। ਸੀਨੀਅਰ ਪੱਧਰ ’ਤੇ ਜਨਵਰੀ 2020 ਵਿਚ ਆਪਣਾ ਪਹਿਲਾ ਟੂਰਨਾਮੈਂਟ ਖੇਡਣ ਤੋਂ ਬਾਅਦ ਵੀ ਉਹ ਉਨ੍ਹਾਂ ਚਾਰ ਭਾਰਤੀ ਮਹਿਲਾ ਪਹਿਲਵਾਨਾਂ ਵਿਚ ਹੈ ਜਿਹੜੀਆਂ ਓਲੰਪਿਕ ਟਿਕਟ ਹਾਸਲ ਕਰਨ ਵਿਚ ਸਫਲ ਰਹੀਆਂ। ਉਸ ਨੇ ਕਿਹਾ,‘‘ਮੈਂ ਸ਼ਰਮਾਉਂਦੀ ਨਹੀਂ ਹਾਂ। ਮੈਂ ਮੈਟ (ਅਖਾੜੇ) ਦੇ ਬਾਹਰ ਵੀ ਖੁੱਲ੍ਹ ਕੇ ਰਹਿੰਦੀ ਹਾਂ।’’ ਅੰਸ਼ੂ ਪਹਿਲਵਾਨੀ ਦੇ ਨਾਲ -ਨਾਲ ਪੜ੍ਹਾਈ ਵਿਚ ਵੀ ਅਵੱਲ ਰਹੀ ਹੈ। ਉਸ ਨੇ ਕਿਹਾ ਕਿ ਉਹ ਸ਼ੁਰੂ ਤੋਂ ਹੀ ਹਰ ਚੀਜ਼ ਵਿਚ ਚੋਟੀ ’ਤੇ ਰਹਿਣਾ ਚਾਹੁੰਦੀ ਹੈ। ਅੰਸ਼ੂ ਨੇ ਕਿਹਾ,‘‘ਮੈਂ ਹਮੇਸ਼ਾ ਤੋਂ ਉਹ ਤਮਗਾ ਜਿੱਤਣਾ ਚਾਹੁੰਦੀ ਸੀ, ਪੋਡੀਅਮ (ਚੋਟੀ ਦਾ ਸਥਾਨ) ਦਾ ਅਹਿਸਾਸ ਕਰਨਾ ਚਾਹੁੰਦੀ ਸੀ। ਸਕੂਲ ਵਿਚ ਵੀ ਮੈਂ ਪਹਿਲੇ ਸਥਾਨ ’ਤੇ ਆਉਣਾ ਚਾਹੁੰਦੀ ਸੀ।

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।

Gurdeep Singh

This news is Content Editor Gurdeep Singh