ਬੁਮਰਾਹ ਦੁਨੀਆ ਦਾ ਸਰਵਸ੍ਰੇਸ਼ਠ ਯਾਰਕਰ ਸੁੱਟਣ ਵਾਲਾ ਗੇਂਦਬਾਜ਼ : ਅਕਰਮ

01/20/2019 12:28:49 PM

ਨਵੀਂ ਦਿੱਲੀ : ਖੱਬੇ ਹੱਥ ਦੇ ਸਰਵਸ੍ਰੇਸ਼ਠ ਤੇਜ਼ ਗੇਂਦਬਾਜ਼ਾਂ ਵਿਚ ਸ਼ਾਮਲ ਵਸੀਮ ਅਕਰਮ ਨੇ ਭਾਰਤੀ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਦੀ ਤਾਰੀਫ ਕਰਦਿਆਂ ਕਿਹਾ ਕਿ ਮੌਜੂਦਾ ਕ੍ਰਿਕਟਰਾਂ ਵਿਚ ਉਸਦਾ ਯਾਰਕਰ ਸਭ ਤੋਂ ਸਟੀਕ ਹੈ। ਅਕਰਮ ਆਪਣੇ ਸਮੇਂ ਵਿਚ ਸਟੀਕ ਯਾਰਕਰ ਸੁੱਟਣ ਲਈ ਜਾਣੇ ਜਾਂਦੇ ਸੀ। ਆਸਟਰੇਲੀਆ ਵਿਚ ਭਾਰਤੀ ਟੀਮ ਨੇ ਪਹਿਲੀ ਵਾਰ ਟੈਸਟ ਸੀਰੀਜ਼ ਵਿਚ ਜਿੱਤ ਦਰਜ ਕੀਤੀ ਜਿਸ ਵਿਚ ਬੁਮਰਾਹ ਨੇ ਮਹੱਤਵਪੂਰਨ ਭੂਮਿਕਾ ਨਿਭਾਈ ਸੀ। ਅਕਰਮ ਨੇ ਕਿਹਾ, ''ਮੌਜੂਦਾ ਸਮੇਂ ਵਿਚ ਕੌਮਾਂਤਰੀ ਕ੍ਰਿਕਟ ਵਿਚ ਖੇਡ ਰਹੇ ਕ੍ਰਿਕਟਰਾਂ ਵਿਚ ਜਸਪ੍ਰੀਤ ਬੁਮਰਾਹ ਦਾ ਯਾਰਕਰ ਸਭ ਤੋਂ ਸਟੀਕ ਅਤੇ ਸਰਵਸ੍ਰੇਸ਼ਠ ਹੈ।''

ਸਵਿੰਗ ਦੇ ਸੁਲਤਾਨ ਦੇ ਨਾਂ ਨਾਲ ਮੰਨੇ ਜਾਣ ਵਾਲੇ ਗੇਂਦਬਾਜ਼ ਨੇ ਕਿਹਾ ਕਿ ਵਨ ਡੇ ਵਿਸ਼ਵ ਕੱਪ ਦੌਰਾਨ ਸਲਾਗ ਓਵਰਾਂ ਵਿਚ ਉਹ ਫਾਇਦੇਮੰਦ ਹੋ ਸਕਦੇ ਹਨ। ਅਕਰਮ ਨੇ ਕਿਹਾ, ''ਬੁਮਰਾਹ ਦਾ ਗੇਂਦਬਾਜ਼ੀ ਐਕਸ਼ਨ ਸ਼ਾਨਦਾਰ ਹੈ। ਦੂਜੇ ਤੇਜ਼ ਗੇਂਦਬਾਜ਼ਾਂ ਤੋਂ ਬਿਲਕੁਲ ਵੱਖ ਐਕਸ਼ਨ ਹੋਣ ਤੋਂ ਬਾਅਦ ਵੀ ਉਹ ਗੇਂਦ ਨੂੰ ਸਵਿੰਗ ਕਰਦੇ ਹਨ ਅਤੇ ਪਿਚ 'ਤੇ ਟੱਪਾ ਖਾਣ ਤੋਂ ਬਾਅਦ ਗੇਂਦ ਕਾਫੀ ਰਫਤਾਰ ਨਾਲ ਨਿਕਲਦੀ ਹੈ।''

ਯੂ. ਏ. ਈ. ਵਿਚ ਹੋਣ ਵਾਲੇ ਆਗਾਮੀ 10 ਪੀ. ਐੱਲ. ਟੈਨਿਸ ਬਾਲ ਟੂਰਨਾਮੈਂਟ ਦੇ ਬ੍ਰਾਂਡ ਦੂਤ ਦੇ ਤੌਰ 'ਤੇ ਪਹੁੰਚੇ ਅਕਰਮ ਨੇ ਕਿਹਾ, ''ਜੋ ਚੀਜ਼ ਬੁਮਰਾਹ ਨੂੰ ਖਾਸ ਬਣਾਉਂਦੀ ਹੈ, ਉਹ ਹੈ ਲਗਾਤਾਰ ਯਾਰਕਰ ਸੁੱਟਣ ਦਾ ਉਸ ਦਾ ਹੁਨਰ। ਯਾਰਕਰ ਦਾ ਇਸਤੇਮਾਲ ਸਿਰਫ ਵਨ ਡੇ ਵਿਚ ਹੀ ਨਹੀਂਂ ਹੁੰਦਾ, ਟੈਸਟ ਵਿਚ ਵੀ ਹੁੰਦਾ ਹੈ। ਮੈਂ ਅਤੇ ਵਕਾਰ ਨੇ ਆਪਣੇ ਸਮੇਂ ਟੈਸਟ ਵਿਚ ਇਸ ਦਾ ਕਾਫੀ ਇਸਤੇਮਾਲ ਕੀਤਾ ਹੈ। ਅਕਰਮ ਨੇ ਭਾਰਤ ਨੂੰ ਆਸਟਰੇਲੀਆ ਵਿਚ ਟੈਸਟ ਸੀਰੀਜ਼ ਜਿੱਤਣ ਵਾਲੀ ਪਹਿਲੀ ਏਸ਼ੀਆਈ ਟੀਮ ਬਣਨ 'ਤੇ ਵਧਾਈ ਦਿੰਦਿਆ ਕਿਹਾ ਕਿ ਇਹ ਵੱਡੀ ਉਪਲੱਬਧੀ ਹੈ। ਆਸਟਰੇਲੀਆ ਵਿਚ ਸੀਰੀਜ਼ ਜਿੱਤਣਾ ਬਹੁਤ ਵੱਡੀ ਉਪਲੱਬਧੀ ਹੈ। ਮੈਂ ਇਸ ਗੱਲ ਨੂੰ ਨਹੀਂ ਮਨਦਾ ਕਿ ਆਸਟਰੇਲੀਆ ਕਮਜ਼ੋਰ ਸੀ। ਵਿਰਾਟ ਅਤੇ ਉਸ ਦੇ ਖਿਡਾਰੀਆਂ ਤੋਂ ਉਨ੍ਹਾਂ ਦਾ ਸਿਹਰਾ ਵਾਪਸ ਨਹੀਂ ਲੈਣਾ ਚਾਹੀਦਾ। ਉਨ੍ਹਾਂ ਨੇ ਪ੍ਰਦਰਸ਼ਨ ਵਿਚ ਜੋ ਨਿਰੰਤਰਤਾ ਦਿਖਾਈ ਹੈ, ਉਹ ਸ਼ਲਾਘਾਯੋਗ ਹੈ।''