ਪੇਰੂ ਨੂੰ ਹਰਾ ਬ੍ਰਾਜ਼ੀਲ 9ਵੀਂ ਵਾਰ ਬਣਿਆ ਕੋਪਾ ਅਮਰੀਕਾ ਚੈਂਪੀਅਨ

07/08/2019 3:46:49 PM

ਰਿਓ ਡੀ ਜੇਨੇਰੋ : ਏਵਰਟਨ ਅਤੇ ਗੈਬਰੀਅਲ ਜੀਸਸ ਦੇ ਪਹਿਲੇ ਹਾਫ ਵਿਚ ਜ਼ਬਰਦਸਤ ਗੋਲ ਦੇ ਬਾਅਦ ਪੈਨਲਟੀ 'ਤੇ ਰਿਚਾਰਲਿਸਨ ਦੇ ਗੋਲ ਨੇ ਬ੍ਰਾਜ਼ੀਲ ਨੂੰ ਪੇਰੂ ਖਿਲਾਫ 3-1 ਨਾਲ ਜਿੱਤ ਦੇ ਨਾਲ ਫੁੱਟਬਾਲ ਦੇ ਸਭ ਤੋਂ ਪੁਰਾਣੇ ਅਤੇ ਵੱਕਾਰੀ ਟੂਰਨਾਮੈਂਟ ਕੋਪਾ ਅਮਰੀਕਾ ਦਾ 9ਵੀਂ ਵਾਰ ਚੈਂਪੀਅਨ ਬਣਾ ਦਿੱਤਾ। ਮਾਰਾਕਾਨਾ ਸਟੇਡੀਅਮ ਵਿਚ ਖੇਡੇ ਗਏ ਇਸ ਖਿਤਾਬੀ ਮੁਕਾਬਲੇ ਵਿਚ ਗ੍ਰੇਮਿਯੋ ਫਾਰਵਰਡ ਏਵਰਟਨ ਨੇ 15ਵੇਂ ਹੀ ਮਿੰਟ ਵਿਚ ਮੇਜ਼ਬਾਨ ਟੀਮ ਲਈ ਗੋਲ ਕਰ 1-0 ਦੀ ਬੜ੍ਹਤ ਦਿਵਾ ਦਿੱਤੀ। ਇਸ ਤੋਂ ਬਾਅਦ ਪੇਰੂ ਦੇ ਕਪਤਾਨ ਪਾਓਲੋ ਗੁਰੇਰੋ ਨੇ 44ਵੇਂ ਮਿੰਟ ਵਿਚ ਪੈਨਲਟੀ ਸਪਾਟ ਕਰ ਸਕੋਰ 1-1 ਦੀ ਬਰਾਬਰੀ 'ਤੇ ਪਹੁੰਚਾ ਦਿੱਤਾ।

ਜੀਸਸ ਨੇ ਬ੍ਰਾਜ਼ੀਲ ਲਈ ਹਾਫ ਟਾਈਮ ਵਿਚ ਹੀ ਇਕ ਜ਼ਬਰਦਸਤ ਗੋਲ ਕਰਦਿਆਂ ਫਿਰ ਤੋਂ ਆਪਣੀ ਟੀਮ ਨੂੰ ਬੜ੍ਹਤ 'ਤੇ ਪਹੁੰਚਾ ਦਿੱਤਾ। ਮੁਕਾਬਲੇ ਵਿਚ ਕਾਫੀ ਰੋਮਾਂਚ ਵੀ ਦੇਖਣ ਨੂੰ ਮਿਲਿਆ ਅਤੇ ਮੇਜ਼ਬਾਨ ਟੀਮ 70ਵੇਂ ਮਿੰਟ ਤੱਕ 10 ਖਿਡਾਰੀਆਂ ਦੇ ਨਾਲ ਰਹਿ ਗਈ ਜਦੋਂ ਬ੍ਰਾਜ਼ੀਲ ਦੇ ਜੀਸਸ ਨੂੰ ਦੂਜੀ ਵਾਰ ਪੀਲਾ ਕਾਰਡ ਮਿਲਿਆ। ਉਸ ਨੂੰ ਕਾਰਲੋਸ ਜੰਬ੍ਰਾਨੋ ਹੱਥੋਂ ਗੇਂਦ ਖੋਹਣ ਦੀ ਕੋਸ਼ਿਸ਼ ਵਿਚ ਕੋਹਣੀ ਮਾਰਨ 'ਤੇ ਕਾਰਡ ਦਿਖਾਇਆ ਗਿਆ ਜਿਸ ਕਾਰਨ ਉਸਨੂੰ ਬਾਹਰ ਜਾਣਾ ਪਿਆ ਪਰ 5 ਵਾਰ ਦੀ ਚੈਂਪੀਅਨ ਨੇ ਆਪਣੀ ਬੜ੍ਹਤ ਨੂੰ ਬਰਕਰਾਰ ਰੱਖਣ ਲਈ ਸੰਘਰਸ਼ ਜਾਰੀ ਰੱਖਿਆ ਅਤੇ 90ਵੇਂ ਮਿੰਟ ਵਿਚ ਰਿਚਾਰਲਿਸਨ ਦੇ ਦੇਰੀ ਨਾਲ ਕੀਤੇ ਗੋਲ ਨਾਲ ਸਕੋਰ 3-1 ਤੱਕ ਪਹੁੰਚਾ ਦਿੱਤਾ ਅਤੇ ਬ੍ਰਾਜ਼ੀਲ ਦੀ ਜਿੱਤ ਪੱਕੀ ਕਰ ਦਿੱਤੀ।