ਇਸ ਖਿਡਾਰੀ ਨੇ ਪੇਸ਼ ਕੀਤੀ ਮਿਸਾਲ, ਜ਼ਖਮੀ ਐਥਲੀਟ ਨੂੰ ਸਹਾਰਾ ਦੇ ਕੇ ਪੂਰੀ ਕੀਤੀ ਰੇਸ (Video)

09/28/2019 3:49:45 PM

ਸਪੋਰਟਸ ਡੈਸਕ : ਆਈ. ਏ. ਏ. ਐੱਫ. ਵਰਲਡ ਐਥਲੈਟਿਕਸ ਚੈਂਪੀਅਨਸ਼ਿਪ ਵਿਚ ਗਿਨੀ-ਬਿਸਾਊ ਦੇ ਦੌੜਾਕ ਬ੍ਰਾਏਮਾ ਡਾਬੋ ਸ਼ੁੱਕਰਵਾਰ ਨੂੰ ਕੋਈ ਤਮਗਾ ਨਹੀਂ ਜਿੱਤ ਸਕੇ ਪਰ ਰੇਸ ਦੌਰਾਨ ਹੀ ਸਾਥੀ ਦੌੜਾਕ ਦੀ ਮਦਦ ਕਰ ਉਸ ਨੇ ਉੱਥੇ ਮੌਜੂਦ ਲੋਕਾਂ ਦਾ ਦਿਲ ਜਿੱਤ ਲਿਆ। ਸ਼ੁੱਕਰਵਾਰ ਨੂੰ 5000 ਮੀਟਰ ਦੀ ਦੌੜ ਦੌਰਾਨ ਉਸ ਨੇ ਅਰੂਬਾ ਦੇ ਜ਼ਖਮੀ ਜੋਨਾਥਨ ਬਸਬੀ ਨੂੰ ਆਪਣੇ ਮੋਢਿਆਂ ਦਾ ਸਹਾਰਾ ਦੇ ਕੇ ਰੇਸ ਪੂਰੀ ਕਰਵਾਈ। ਦੇਖਦੇ ਹੀ ਦੇਖਦੇ ਇਸ ਭਾਵਨਾਤਮਕ ਪਲ ਦਾ ਵੀਡੀਓ ਵਾਇਰਲ ਹੋ ਗਿਆ ਅਤੇ ਹਰ ਕਿਸੇ ਨੇ ਡਾਬੋ ਦੀ ਸ਼ਲਾਘਾ ਕਰਨੀ ਸ਼ੁਰੂ ਕਰ ਦਿੱਤੀ। ਵਰਲਡ ਚੈਂਪੀਅਨਸ਼ਿਪ ਦੇ 5000 ਮੀਟਰ ਦੌੜ ਵਿਚ ਆਖਰੀ ਲੈਪ 'ਚ ਡਾਬੋ ਨੇ ਟ੍ਰੈਕ 'ਤੇ ਬੇਹੋਸ਼ ਹੋ ਕੇ ਡਿੱਗੇ ਬਸਬੀ ਨੂੰ ਚੁੱਕ ਕੇ ਰੇਸ ਪੂਰੀ ਕੀਤੀ। ਹਾਲਾਂਕਿ ਦੋਵੇਂ ਰੇਸ ਪੂਰੀ ਨਹੀਂ ਕਰ ਸਕੇ ਪਰ ਜਿਸ ਨੇ ਵੀ ਇਹ ਨਜ਼ਾਰਾ ਦੇਖਿਆ ਉਹ ਡਾਬੋ ਦੀ ਸ਼ਲਾਘਾ ਕੀਤੇ ਬਿਨਾ ਨਹੀਂ ਰਹਿ ਸਕਿਆ।

ਸ਼ੁੱਕਰਵਾਰ ਨੂੰ ਜਦੋਂ ਖਿਡਾਰੀ ਸਟੇਡੀਅਮ ਪਹੁੰਚੇ ਉਸ ਸਮੇਂ ਉੱਥੇ ਤਾਪਮਾਨ 37 ਡਿਗ੍ਰੀ ਸੈਲਸੀਅਸ ਸੀ ਪਰ ਹਾਲਾਤ 50 ਡਿਗ੍ਰੀ ਤੋਂ ਵੱਧ ਵਾਲੇ ਸੀ। ਉਸ ਹਾਲਾਤ ਵਿਚ ਦੌੜਦਿਆਂ ਇਕ ਸਮੇਂ ਤੋਂ ਬਾਅਦ ਬਸਬੀ ਦੇ ਸਰੀਰ ਨੇ ਜਵਾਬ ਦੇ ਦਿੱਤਾ ਅਤੇ ਉਹ ਟ੍ਰੈਕ 'ਤੇ ਹੀ ਬੇਹੋਸ਼ ਹੋ ਕੇ ਡਿੱਗ ਗਿਆ। 2 ਵੱਖ-ਵੱਖ ਦੇਸ਼ਾਂ ਦੇ ਖਿਡਾਰੀ ਵਰਲਡ ਚੈਂਪੀਅਨਸ਼ਿਪ ਵਿਚ ਆਪਣੇ ਦੇਸ਼ ਲਈ ਗੋਲਡ ਜਿੱਤਣ ਲਈ ਦੌੜ ਰਹੇ ਸੀ ਪਰ ਆਖਰ 'ਚ ਦੋਵਾਂ ਨੇ ਹੀ ਦੁਨੀਆ ਭਰ ਦਾ ਦਿਲ ਜਿੱਤ ਕੇ ਰੇਸ਼ ਖਤਮ ਕੀਤੀ।

ਰੇਸ ਪੂਰੀ ਹੋਣ ਤੋਂ ਬਾਅਦ ਡਾਬੋ ਨੇ ਕਿਹਾ, ''ਉਸਨੇ ਉਹੀ ਕੀਤਾ ਜੋ ਉਸ ਨੂੰ ਸਹੀ ਲੱਗਾ ਅਤੇ ਕੋਈ ਵੀ ਵਿਅਕਤੀ ਉਸ ਸਮੇਂ ਅਜਿਹਾ ਹੀ ਕਰਦਾ। ਮੈਂ ਬਸ ਇਹ ਚਾਹੁੰਦਾ ਸੀ ਕਿ ਉਹ ਆਪਣੀ ਰੇਸ ਪੂਰੀ ਕਰੇ।''