ਬ੍ਰੈਡਮੈਨ ਨੂੰ 110ਵੇਂ ਜਨਮਦਿਨ ''ਤੇ ਸਚਿਨ ਨੇ ਕੀਤਾ ਯਾਦ, ਗੂਗਲ ਨੇ ਵੀ ਬਣਾਇਆ ਡੂਡਲ

08/27/2018 1:23:40 PM

ਨਵੀਂ ਦਿੱਲੀ : ਕ੍ਰਿਕਟ ਦੇ ਮਹਾਨ ਬੱਲੇਬਾਜ਼ ਮੰਨੇ ਜਾਣ ਵਾਲੇ ਆਸਟਰੇਲੀਆ ਦੇ ਡਾਨ ਬ੍ਰੈਡਮੈਨ ਦੇ 110ਵੇਂ ਜਨਮਦਿਨ 'ਤੇ ਮਾਸਟਰ ਬਲਾਸਟਰ ਸਚਿਨ ਤੇਂਦੁਲਕਰ ਨੇ ਅੱਜ ਉਨ੍ਹਾਂ ਦੇ ਨਾਲ ਬਿਤਾਏ ਪਲਾਂ ਨੂੰ ਯਾਦ ਕੀਤਾ। ਇਸ ਮੌਕੇ 'ਤੇ ਇੰਟਰਨੈਟ ਸਰਚ ਇੰਜਨ ਗੂਗਲ ਨੇ ਵੀ ਡੂਡਲ ਬਣਾ ਕੇ ਇਸ ਮਹਾਨ ਕ੍ਰਿਕਟਰ ਨੂੰ ਸ਼ਰਧਾਂਜਲੀ ਦਿੱਤੀ। ਡੂਡਲ 'ਚ ਗੂਗਲ ਨੇ ਅੱਜ ਹੋਮਪੇਜ 'ਤੇ ਸਰ ਡਾਨ ਬ੍ਰੈਡਮੈਨ ਦੀ ਬੱਲੇਬਾਜ਼ੀ ਦਾ ਇਕ ਫੋਟੋ ਲਗਾਇਆ ਜਿਸਦੇ ਪਿੱਛੇ ਕ੍ਰਿਕਟ ਪਿਚ ਦਿਸ ਰਹੀ ਹੈ। ਟੈਸਟ ਕ੍ਰਿਕਟ 'ਚ ਉਨ੍ਹਾਂ ਦੀ 99.94 ਦੀ ਔਸਤ ਦੇ ਆਲੇ-ਦੁਆਲੇ ਕੋਈ ਵੀ ਖਿਡਾਰੀ ਨਹੀਂ ਪਹੁੰਚ ਸਕਿਆ। ਕਈ ਦਿੱਗਜਾਂ ਨੇ ਸਚਿਨ ਦੀ ਬੱਲੇਬਾਜ਼ੀ ਦੀ ਤੁਲਨਾ ਬ੍ਰੈਡਮੈਨ ਨਾਲ ਕੀਤੀ ਅਤੇ ਖੁਦ ਬ੍ਰੈਡਮੈਨ ਵੀ ਤੇਂਦੁਲਕਰ ਦੀ ਬੱਲੇਬਾਜ਼ੀ 'ਚ ਆਪਣਾ ਅਕਸ ਦੇਖਦੇ ਸੀ। ਤੇਂਦੁਲਕਰ ਬ੍ਰੈਡਮੈਨ ਦੇ 90ਵੇਂ ਜਨਮਦਿਨ ਦੇ ਜਸ਼ਨ 'ਚ ਸ਼ਾਮਲ ਹੋਏ ਸਨ ਜਿਸ ਨੂੰ ਯਾਦ ਕਰਦੇ ਹੋਏ ਉਨ੍ਹਾਂ ਨੇ ਟਵੀਟ ਕੀਤਾ, '' ਸਰ ਡਾਨ ਬ੍ਰੈਡਮੈਨ ਨਾਲ ਮਿਲੇ ਹੋਏ 20 ਸਾਲ ਹੋ ਗਏ ਪਰ ਉਨ੍ਹਾਂ ਦੀਆਂ ਖਾਸ ਯਾਦਾਂ ਮੇਰੇ ਦਿਲ 'ਚ ਅੱਜ ਵੀ ਤਾਜ਼ਾ ਹਨ। ਮੈਨੂੰ ਅੱਜੇ ਵੀ ਉਨ੍ਹਾਂ ਦਾ ਗਰਮਜੋਸ਼ੀ ਨਾਲ ਮਿਲਣਾ ਅਤੇ ਸਮਝਦਾਰੀ ਯਾਦ ਹੈ। ਮੈਂ ਉਨ੍ਹਾਂ ਨੂੰ ਯਾਦ ਕਰ ਰਿਹਾ ਹਾਂ, ਜੇਕਰ ਉਹ ਸਾਡੇ ਵਿਚ ਹੁੰਦੇ ਤਾਂ ਉਨ੍ਹਾਂ ਦਾ 110ਵਾਂ ਜਨਮਦਿਨ ਹੁੰਦਾ।
 

ਸਰ ਦੀ ਉਪਾਧੀ ਨਾਲ ਨਵਾਜੇ ਗਏ ਬ੍ਰੈਡਮੈਨ ਨੂੰ ਟੈਸਟ ਕ੍ਰਿਕਟ 'ਚ 100 ਦੀ ਔਸਤ ਬਣਾਉਣ ਲਈ ਆਪਣੇ ਆਖਰੀ ਟੈਸਟ ਪਾਰੀ 'ਚ 4 ਦੌੜਾਂ ਦੀ ਜ਼ਰੂਰਤ ਸੀ ਪਰ ਉਹ ਜੀਰੋ 'ਤੇ ਆਊਟ ਹੋ ਗਏ। ਬ੍ਰੈਡਮੈਨ ਨੇ ਆਪਣੇ 52 ਟੈਸਟ ਮੈਚਾਂ ਦੇ ਕਰੀਅਰ 'ਚ 99.94 ਦੀ ਔਸਤ ਨਾਲ 6996 ਦੌੜਾਂ ਬਣਾਈਆਂ। ਇਸ ਦੌਰਾਨ ਉਨ੍ਹਾਂ ਨੇ 29 ਸੈਂਕੜੇ ਲਗਾਏ ਜਿਸ 'ਚ 12 ਡਬਲ ਸੈਂਕੜੇ ਵੀ ਸ਼ਾਮਲ ਹਨ।