19 ਸਾਲ ਬਾਅਦ ਭਾਰਤ ਲਿਆਂਦਾ ਗਿਆ ਸੱਟੇਬਾਜ਼ ਸੰਜੀਵ ਚਾਵਲਾ, ਖੁਲ੍ਹਣਗੇ ਮੈਚ ਫਿਕਸਿੰਗ ਦੇ ਕਈ ਰਾਜ਼

02/13/2020 2:01:46 PM

ਨਵੀਂ ਦਿੱਲੀ : ਮੈਚ ਫਿਕਸਿੰਗ ਮਾਮਲੇ 'ਚ ਮੁੱਖ ਦੋਸ਼ੀ ਅਤੇ ਸੱਟੇਬਾਜ਼ ਸੰਜੀਵ ਚਾਵਲਾ ਨੂੰ ਆਖਿਰਕਾਰ ਭਾਰਤ ਲਿਆਉਣ 'ਚ ਪੁਲਸ ਨੂੰ ਸਫਲਤਾ ਮਿਲ ਗਈ। ਦਿੱਲੀ ਕ੍ਰਾਈਮ ਬ੍ਰਾਂਚ ਦੀ ਟੀਮ 19 ਸਾਲ ਬਾਅਦ ਸੰਜੀਵ ਚਾਵਲਾ ਨੂੰ ਹਵਾਲਗੀ ਦੇ ਜ਼ਰੀਏ ਭਾਰਤ ਲਿਆਈ। ਸੰਜੀਵ ਚਾਵਲਾ ਨੂੰ ਸਾਬਕਾ ਦੱਖਣੀ ਅਫਰੀਕਾ ਕ੍ਰਿਕਟਰ ਹੈਂਸੀ ਕਰੋਨੀਏ ਦੇ ਨਾਲ ਮੈਚ ਫਿਕਸਿੰਗ ਮਾਮਲੇ 'ਚ ਮਾਸਟਰ ਮਾਈਂਡ ਮੰਨਿਆ ਜਾਂਦਾ ਹੈ।

ਹੈਂਸੀ ਕਰੋਨੀਏ ਦੀ ਪਲੇਨ ਹਾਦਸੇ 'ਚ ਮੌਤ ਹੋ ਗਈ ਸੀ। ਦਿੱਲੀ ਪੁਲਸ ਨੇ ਖੁਲਾਸਾ ਕੀਤੀ ਕਿ ਬ੍ਰਿਟਿਸ਼ ਨਾਗਰਿਕ ਸੰਜੀਵ ਚਾਵਲਾ ਦੇ ਭਾਰਤੀ ਕ੍ਰਿਕਟਰਾਂ ਸਣੇ ਕਈ ਕੌਮਾਂਤਰੀ ਕ੍ਰਿਕਟਰਾਂ ਨਾਲ ਸਬੰਧ ਸਨ। ਲੰਡਨ ਵਿਚ 4 ਮੋਂਕ ਵਿਲੇ ਐਵੇਨਿਊ ਸਥਿਤ ਉਸ ਦੇ ਬੰਗਲੇ 'ਤੇ ਕਈ ਭਾਰਤੀ ਕ੍ਰਿਕਟਰਾਂ ਦਾ ਰੈਗੁਲਰ ਆਣਾ-ਜਾਣਾ ਸੀ। ਚਾਵਲਾ ਦੇ ਕਾਲ ਰਿਕਾਰਡ (ਸੀ. ਡੀ. ਆਰ.) ਵਿਚ ਕਈ ਭਾਰਤੀ ਖਿਡਾਰੀਆਂ ਦੇ ਨੰਬਰ ਮਿਲੇ ਹਨ। ਇਨ੍ਹਾਂ ਵਿਚਾਲੇ ਜਨਵਰੀ ਤੋਂ ਮਾਰਚ 2000 ਵਿਚਾਲੇ ਕਈ ਵਾਰ ਗੱਲਾਂ ਹੋਈਆਂ ਹਨ।

ਚਾਵਲਾ ਨੂੰ ਸਕਾਟਲੈਂਡ ਯਾਰਡ ਨੇ ਇੰਗਲਿਸ਼ ਕ੍ਰਿਕਟਰਾਂ ਨਾਲ ਜੁੜੇ ਇਕ ਹੋਰ ਸੱਟੇਬਾਜ਼ੀ ਮਾਮਲੇ ਵਿਚ ਸਾਲ 2001 ਵਿਚ ਗ੍ਰਿਫਤਾਰ ਕੀਤਾ ਸੀ। ਮੈਚ ਫਿਕਸਿੰਗ ਕੇਸ ਵਿਚ ਜਦੋਂ ਕ੍ਰਿਕਟ ਜਗਤ ਵਿਚ ਤਹਿਲਕਾ ਮਚਿਆ ਸੀ ਤਦ ਦਿੱਲੀ ਪੁਲਸ ਦੇ ਮੁਖੀ ਰਹੇ ਅਜੇ ਰਾਜ ਸ਼ਰਮਾ ਨੇ ਕਿਹਾ ਸੀ, ''ਮੈਨੂੰ ਚਾਵਲਾ ਨਾਲ ਤੋਂ ਪੁੱਛਗਿਛ ਵਿਚ ਹੋਣ ਵਾਲੇ ਖੁਲਾਸੇ ਸਾਹਮਣੇ ਆਉਣ ਦੀ ਉਡੀਕ ਹੈ। ਅਜਿਹੇ ਦੋਸ਼ ਹੈ ਕਿ ਸੰਜੀਵ ਚਾਵਲਾ ਨੇ ਮੈਚਾਂ ਦੇ ਨਤੀਜਿਆਂ ਨੂੰ ਪ੍ਰਭਾਵਿਤ ਕਰਨ ਲਈ ਕਈ ਕ੍ਰਿਕਟਰਾਂ ਨੂੰ ਮੋਟੀ ਰਕਮ ਦਿੱਤੀ ਸੀ। ਉਨ੍ਹਾਂ ਨੂੰ ਪੁੱਛਗਿਛ ਤੋਂ ਪਹਿਲਾਂ ਕਈ ਹੋਰ ਮੈਚ ਫਿਕਸਿੰਗ ਮਾਮਲੇ ਸਾਹਮਣੇ ਆਉਣ ਦਾ ਅੰਦਾਜ਼ਾ ਹੈ।

ਸਾਲ 2000 ਵਿਚ 16 ਫਰਵਰੀ ਤੋਂ 20 ਮਾਰਚ ਨੂੰ ਭਾਰਤ ਦੱਖਣੀ ਅਫਰੀਕਾ ਦੇ ਮੈਚ ਫਿਕਸ ਕਰਨ ਲਈ ਦਿੱਲੀ ਪੁਲਸ ਨੇ ਸਾਬਕਾ ਦੱਖਣੀ ਅਫਰੀਕੀ ਕਪਤਾਨ ਸਵਰਗੀ ਹੈਂਸੀ ਕਰੋਨੀਏ ਅਤੇ 5 ਹੋਰਾਂ ਖਿਲਾਫ ਚਾਰਜਸ਼ੀਟ ਦਾਇਰ ਕੀਤੀ ਸੀ। ਦੱਖਣੀ ਅਫਰੀਕੀ ਖਿਡਾਰੀ ਹਰਸ਼ਲ ਗਿਬਸ ਅਤੇ ਨਿਕੀ ਬੋਏ ਖਿਲਾਫ ਸਬੂਤਾਂ ਦੀ ਕਮੀ ਕਾਰਨ ਉਨ੍ਹਾਂ ਦੇ ਨਾਂ ਚਾਰਜਸ਼ੀਟ ਵਿਚੋਂ ਹਟਾ ਦਿੱਤੇ ਗਏ ਸੀ।