ਇਨ੍ਹਾਂ ਕੌਮਾਂਤਰੀ ਕ੍ਰਿਕਟ ਕਪਤਾਨਾਂ ਨੂੰ ਸੱਟੇਬਾਜ਼ਾਂ ਨੇ ਦਿੱਤੇ ਆਫਰ, ਜਨਤਕ ਹੋਏ ਨਾਂ

12/06/2017 2:21:38 PM

ਨਵੀਂ ਦਿੱਲੀ, (ਬਿਊਰੋ)— ਜੈਂਟਲਮੈਨ ਲੋਕਾਂ ਦੀ ਖੇਡ ਕਹੇ ਜਾਣ ਵਾਲੇ ਕ੍ਰਿਕਟ ਦੀ ਦੀਵਾਨਗੀ ਸਮੇਂ ਦੇ ਨਾਲ-ਨਾਲ ਲਗਾਤਾਰ ਵੱਧ ਰਹੀ ਹੈ। ਇਸ ਖੇਡ ਨੂੰ ਪਸੰਦ ਕਰਨ ਵਾਲੇ ਲੋਕ ਹਰ ਦੇਸ਼ 'ਚ ਮੌਜੂਦ ਹਨ। ਸਾਰੀ ਦੁਨੀਆ ਦਾ ਧਿਆਨ ਖਿੱਚਣ ਵਾਲੇ ਕ੍ਰਿਕਟ ਦਾ ਕ੍ਰੇਜ਼ ਜਿਵੇਂ-ਜਿਵੇਂ ਵੱਧ ਰਿਹਾ ਹੈ ਉਸੇ ਤਰ੍ਹਾਂ ਇਸ ਖੇਡ 'ਚ ਫਿਕਸਿੰਗ ਵੀ ਵਧਦੀ ਜਾ ਰਹੀ ਹੈ। ਕਈ ਨਿਯਮਾਂ ਦੇ ਬਾਅਦ ਵੀ ਸੱਟੇਬਾਜ਼ ਸਪਾਟ ਫਿਕਸਿੰਗ ਜਿਹੇ ਕੰਮਾਂ ਨੂੰ ਅੰਜਾਮ ਦੇ ਰਹੇ ਹਨ ਅਤੇ ਕ੍ਰਿਕਟਰਾਂ ਨੂੰ ਵੱਡੀ ਰਕਮ ਦਾ ਲਾਲਚ ਦੇ ਕੇ ਉਨ੍ਹਾਂ ਨੂੰ ਖਰੀਦਣ ਦੀ ਵੀ ਕੋਸ਼ਿਸ਼ ਕਰ ਰਹੇ ਹਨ, ਪਰ ਤੁਹਾਨੂੰ ਇਹ ਜਾਣਕੇ ਖੁਸ਼ੀ ਹੋਵੇਗੀ ਕਿ ਕੁਝ ਅਜਿਹੇ ਕ੍ਰਿਕਟਰਸ ਵੀ ਹਨ ਜਿਨ੍ਹਾਂ ਦੇ ਲਈ ਪੈਸੇ ਤੋਂ ਜ਼ਿਆਦਾ ਉਨ੍ਹਾਂ ਦੀ ਖੇਡ ਅਤੇ ਈਮਾਨ ਮਾਇਨੇ ਰਖਦਾ ਹੈ। ਦਰਅਸਲ ਇੰਟਰਨੈਸ਼ਨਲ ਕ੍ਰਿਕਟ ਕਾਊਂਸਿਲ (ਆਈ.ਸੀ.ਸੀ.) ਨੇ ਉਨ੍ਹਾਂ ਤਿੰਨ ਕ੍ਰਿਕਟ ਕਪਤਾਨਾਂ ਦੇ ਨਾਂ ਦੱਸੇ ਹਨ ਜਿਨ੍ਹਾਂ ਨੂੰ ਸੱਟੇਬਾਜ਼ਾਂ ਨੇ ਫਿਕਸਿੰਗ ਦੇ ਲਈ ਵੱਡੀ ਰਕਮ ਆਫਰ ਕੀਤੀ ਸੀ, ਪਰ ਉਨ੍ਹਾਂ ਕਪਤਾਨਾਂ ਨੇ ਇਨਕਾਰ ਕਰ ਦਿੱਤਾ ਸੀ ਅਤੇ ਇਸ ਦੀ ਸੂਚਨਾ ਆਈ.ਸੀ.ਸੀ. ਨੂੰ ਦੇ ਦਿੱਤੀ।

ਗਾਰਜੀਅਨ ਦੀ ਰਿਪੋਰਟ ਦੇ ਮੁਤਾਬਕ ਫਿਲਹਾਲ ਇਨ੍ਹਾਂ ਤਿੰਨ ਕ੍ਰਿਕਟਰਾਂ 'ਚੋਂ 2 ਦੇ ਨਾਵਾਂ ਦਾ ਖੁਲ੍ਹਾਸਾ ਹੋਇਆ ਹੈ। ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਇਸ 'ਚ ਪਹਿਲਾ ਨਾਂ ਪਾਕਿਸਤਾਨ ਦੀ ਟੀਮ ਦੇ ਕਪਤਾਨ ਸਰਫਰਾਜ਼ ਅਹਿਮਦ ਦਾ ਹੈ। ਆਈ.ਸੀ.ਸੀ. ਚੈਂਪੀਅਨ ਟਰਾਫੀ ਜਿੱਤਣ ਵਾਲੇ ਕਪਤਾਨ ਸਰਫਰਾਜ਼ ਨੂੰ ਸੱਟੇਬਾਜ਼ਾਂ ਨੇ ਇਸ ਸਾਲ ਅਕਤੂਬਰ 'ਚ ਸ਼੍ਰੀਲੰਕਾ ਦੇ ਖਿਲਾਫ ਹੋਈ ਵਨਡੇ ਮੈਚਾਂ ਦੀ ਸੀਰੀਜ਼ ਤੋਂ ਪਹਿਲਾਂ ਸੰਪਰਕ ਕੀਤਾ ਸੀ। ਉਨ੍ਹਾਂ ਤੋਂ ਸੱਟੇਬਾਜ਼ਾਂ ਨੇ ਕ੍ਰਿਕਟ ਦੇ ਪ੍ਰਧਾਨ ਕਾਨੂੰਨਾਂ ਨੂੰ ਤੋੜਨ ਦੀ ਮੰਗ ਕੀਤੀ ਸੀ ਅਤੇ ਇਸ ਲਈ ਉਨ੍ਹਾਂ ਨੂੰ ਵੱਡੀ ਰਕਮ ਵੀ ਆਫਰ ਕੀਤੀ ਗਈ ਸੀ ਪਰ ਸਰਫਰਾਜ਼ ਨੇ ਸੱਟੇਬਾਜ਼ਾਂ ਨੂੰ ਮਨ੍ਹਾ ਕਰਦੇ ਹੋਏ ਇਸ ਗੱਲ ਦੀ ਜਾਣਕਾਰੀ ਆਈ.ਸੀ.ਸੀ. ਐਂਟੀ-ਕਰਪਸ਼ਨ ਯੂਨਿਟ ਨੂੰ ਦੇ ਦਿੱਤੀ ਸੀ। ਜਦਕਿ ਦੂਜਾ ਨਾਂ ਇਸ ਲਿਸਟ 'ਚ ਜ਼ਿੰਬਾਬਵੇ ਦੇ ਕਪਤਾਨ ਗ੍ਰੀਮ ਕ੍ਰੇਮਰ ਦਾ ਹੈ। ਸੱਟੇਬਾਜਾਂ ਨੇ ਕ੍ਰੇਮਰ ਤੋਂ ਵੈਸਟ ਇੰਡੀਜ਼ ਦੇ ਨਾਲ ਅਕਤੂਬਰ 'ਚ ਹੋਈ ਟੈਸਟ ਮੈਚਾਂ ਦੀ ਸੀਰੀਜ਼ ਤੋਂ ਪਹਿਲਾਂ ਸੰਪਰਕ ਕੀਤਾ ਸੀ।

ਰਿਪੋਰਟਸ ਦੇ ਮੁਤਾਬਕ ਆਈ.ਸੀ.ਸੀ. ਇੰਟਰਨੈਸ਼ਨਲ ਕ੍ਰਿਕਟ ਦੇ ਪੱਧਰ ਨੂੰ ਬਿਹਤਰ ਬਣਾਉਣ ਦੇ ਲਈ ਹਰ ਤਰ੍ਹਾਂ ਦੇ 7 'ਲਾਈਵ' ਮਾਮਲਿਆਂ ਦੀ ਜਾਂਚ ਕਰ ਰਹੀ ਹੈ। ਗਾਰਜੀਅਨ ਦੇ ਮੁਤਾਬਕ ਕ੍ਰਿਕਟਰਸ ਨੂੰ ਫਿਕਸਿੰਗ 'ਚ ਸ਼ਾਮਲ ਕਰਨ ਲਈ ਸੱਟੇਬਾਜ਼ ਇੰਨੀ ਰਕਮ ਆਫਰ ਕਰਦੇ ਹਨ ਜਿਸ ਬਾਰੇ ਤੁਸੀਂ ਸੋਚ ਵੀ ਨਹੀਂ ਸਕਦੇ। ਕ੍ਰਿਕਟਰਸ ਨੂੰ ਇਸ ਖੇਡ ਦੇ ਨਿਯਮ ਤੋੜਨ ਲਈ 5,000 ਯੂ.ਐੱਸ. ਡਾਲਰ ਤੋਂ ਲੈ ਕੇ 150,000 ਯੂ.ਐੱਸ. ਡਾਲਰ ਤੱਕ ਦੇ ਆਫਰ ਕੀਤੇ ਜਾਂਦੇ ਹਨ।