ਇਸ ਸਾਬਕਾ ਦਿੱਗਜ ਨੇ ਸ਼ੁਭਮਨ ਨੂੰ ''ਭਾਰਤ-ਏ'' ਦੀ ਕਪਤਾਨੀ ਤੋਂ ਹਟਾਉਣ ਦੀ ਕੀਤੀ ਮੰਗ

01/05/2020 11:31:35 AM

ਸਪੋਰਟਸ ਡੈਸਕ— ਆਪਣੇ ਜ਼ਮਾਨੇ ਦੇ ਧਾਕੜ ਸਪਿਨਰ ਬਿਸ਼ਨ ਸਿੰਘ ਬੇਦੀ ਨੇ ਸ਼ਨੀਵਾਰ ਨੂੰ ਸ਼ੁਭਮਨ ਗਿੱਲ ਦੀ ਮੋਹਾਲੀ ਵਿਚ ਰਣਜੀ ਮੈਚ ਦੌਰਾਨ ਮੈਦਾਨੀ ਅੰਪਾਇਰ ਨਾਲ ਬਹਿਸ ਕਰਨ ਲਈ ਆਲੋਚਨਾ ਕੀਤੀ ਹੈ ਤੇ ਉਸਦੇ ਵਤੀਰੇ ਨੂੰ ਬੇਹੱਦ ਖਰਾਬ ਕਰਾਰ ਦਿੱਤਾ ਹੈ। ਭਾਰਤ-ਏ ਟੀਮ 'ਚ ਸੀਮਤ ਓਵਰਾਂ ਦੇ ਕਪਤਾਨ 20 ਸਾਲਾ ਗਿੱਲ ਨੇ ਦਿੱਲੀ ਵਿਰੁੱਧ ਮੈਚ ਦੌਰਾਨ ਪਹਿਲੇ ਦਿਨ ਵਿਕਟ ਦੇ ਪਿੱਛੇ ਕੈਟ ਆਊਟ ਹੋਣ ਦੇ ਬਾਵਜੂਦ ਕ੍ਰੀਜ਼ ਨਹੀਂ ਛੱਡੀ ਸੀ। ਇਸ ਤੋਂ ਬਾਅਦ ਉਸ ਨੇ ਅੰਪਾਇਰ ਨਾਲ ਬਹਿਸ ਕੀਤੀ ਸੀ ਤੇ ਮੈਦਾਨੀ ਅੰਪਾਇਰਾਂ ਨੇ ਗੱਲਬਾਤ ਤੋਂ ਬਾਅਦ ਫੈਸਲਾ ਬਦਲ ਦਿੱਤਾ।
ਬੇਦੀ ਨੇ ਆਪਣੇ ਟਵਿਟਰ ਹੈਂਡਲ 'ਤੇ ਲਿਖਿਆ, ''ਕਿਸੇ ਦਾ ਵੀ ਇਸ ਤਰ੍ਹਾਂ ਦਾ ਵਤੀਰਾ ਮੁਆਫੀਯੋਗ ਨਹੀਂ ਹੈ। ਘੱਟ ਤੋਂ ਘੱਟ ਭਾਰਤ-ਏ ਦੇ ਪ੍ਰਸਤਾਵਿਤ ਕਪਤਾਨ ਤੋਂ ਅਜਿਹੀ ਉਮੀਦ ਨਹੀਂ ਕੀਤੀ ਜਾਂਦੀ। ਗਿੱਲ ਨੂੰ ਨਿਊਜ਼ੀਲੈਂਡ ਦੌਰੇ ਲਈ ਭਾਰਤ-ਏ ਦਾ ਕਪਤਾਨ ਨਿਯੁਕਤ ਕੀਤਾ ਗਿਆ ਹੈ। ਬੇਦੀ ਨੇ ਸੰਕੇਤਾਂ 'ਚ ਉਸ ਨੂੰ ਭਾਰਤ-ਏ ਦੀ ਕਪਤਾਨੀ ਤੋਂ ਹਟਾਉਣ ਦੀ ਮੰਗ ਕੀਤੀ ਹੈ।