ਬਰਮਿੰਘਮ ਰਾਸ਼ਟਰਮੰਡਲ ਖੇਡਾਂ ਦਾ ਬਾਈਕਾਟ ਕਰੇ ਸਰਕਾਰ : ਐੱਨ. ਆਰ. ਏ. ਆਈ.

04/18/2018 4:14:14 AM

ਨਵੀਂ ਦਿੱਲੀ— ਗੋਲਡ ਕੋਸਟ ਰਾਸ਼ਟਰਮੰਡਲ ਖੇਡਾਂ ਵਿਚ 7 ਸੋਨ ਸਮੇਤ 16 ਤਮਗੇ ਜਿੱਤਣ ਵਾਲੇ ਭਾਰਤੀ ਨਿਸ਼ਾਨੇਬਾਜ਼ਾਂ ਦੇ ਭਾਰਤੀ ਰਾਸ਼ਟਰੀ ਰਾਈਫਲ ਸੰਘ (ਐੱਨ. ਆਰ. ਏ. ਆਈ.) ਨੇ ਕਿਹਾ ਹੈ ਕਿ ਜੇਕਰ ਨਿਸ਼ਾਨੇਬਾਜ਼ੀ ਨੂੰ ਰਾਸ਼ਟਰਮੰਡਲ ਖੇਡਾਂ ਵਿਚ ਬਹਾਲ ਨਹੀਂ ਕੀਤਾ ਜਾਂਦਾ ਹੈ ਤਾਂ ਭਾਰਤ ਨੂੰ 2022 ਦੀਆਂ ਬਰਮਿੰਘਮ ਰਾਸ਼ਟਰਮੰਡਲ ਖੇਡਾਂ ਦਾ ਬਾਈਕਾਟ ਕਰਨਾ ਚਾਹੀਦਾ ਹੈ।
ਐੱਨ. ਆਰ. ਏ. ਆਈ. ਦੇ ਮੁਖੀ ਰਣਇੰਦਰ ਸਿੰਘ ਨੇ ਮੰਗਲਵਾਰ ਨੂੰ ਗੋਲਡ ਕੋਸਟ ਰਾਸ਼ਟਰਮੰਡਲ ਖੇਡਾਂ ਦੇ ਤਮਗਾ ਜੇਤੂ ਭਾਰਤੀ ਨਿਸ਼ਾਨੇਬਾਜ਼ਾਂ ਲਈ ਆਯੋਜਿਤ ਸਨਮਾਨ ਸਮਾਰੋਹ  ਵਿਚ ਸਖਤ ਸ਼ਬਦਾਂ ਵਿਚ ਕਿਹਾ, ''ਮੈਂ ਖੇਡ ਮੰਤਰੀ ਰਾਜਵਰਧਨ ਸਿੰਘ ਰਾਠੌਰ ਤੇ ਭਾਰਤੀ ਓਲੰਪਿਕ ਸੰਘ (ਆਈ. ਓ. ਏ.)  ਨੂੰ ਇਕ-ਦੋ ਦਿਨ ਵਿਚ ਪੱਤਰ ਲਿਖਣ ਜਾ ਰਿਹਾ ਹਾਂ ਕਿ ਜੇਕਰ ਅਗਲੀਆਂ ਖੇਡਾਂ ਵਿਚ ਨਿਸ਼ਾਨੇਬਾਜ਼ੀ ਦੀ ਵਾਪਸੀ ਨਹੀਂ ਹੁੰਦੀ ਹੈ ਤਾਂ ਭਾਰਤ ਨੂੰ ਪੂਰੀਆਂ ਬਰਮਿੰਘਮ ਖੇਡਾਂ ਦਾ ਬਾਈਕਾਟ ਕਰਨਾ ਚਾਹੀਦਾ ਹੈ।'' ਨਿਸ਼ਾਨੇਬਾਜ਼ੀ ਨੂੰ 2022 ਵਿਚ ਹੋਣ ਵਾਲੀਆਂ ਬਰਮਿੰਘਮ ਖੇਡਾਂ ਤੋਂ ਹਟਾ ਦਿੱਤਾ ਗਿਆ ਹੈ ਤੇ ਗੋਲਡ ਕੋਸਟ ਰਾਸ਼ਟਰਮੰਡਲ ਖੇਡਾਂ ਵਿਚ ਆਖਰੀ ਵਾਰ ਨਿਸ਼ਾਨੇਬਾਜ਼ੀ ਦਾ ਆਯੋਜਨ ਕੀਤਾ ਗਿਆ। ਭਾਰਤੀ ਨਿਸ਼ਾਨੇਬਾਜ਼ਾਂ ਨੇ ਗੋਲਡ ਕੋਸਟ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ 7 ਸੋਨ, 4 ਚਾਂਦੀ ਤੇ 5 ਕਾਂਸੀ ਸਮੇਤ ਕੁਲ ਸਭ ਤੋਂ ਵੱਧ 16 ਤਮਗੇ ਜਿੱਤੇ ਹਨ। 
ਰਣਇੰਦਰ ਨੇ ਕਿਹਾ, ''ਅਸੀਂ ਆਪਣੇ ਵਲੋਂ ਨਿਸ਼ਾਨੇਬਾਜ਼ੀ ਦੀ ਰਾਸ਼ਟਰਮੰਡਲ ਖੇਡਾਂ ਵਿਚ ਬਹਾਲੀ ਦੀ ਪੂਰੀ ਕੋਸ਼ਿਸ਼ ਕਰ ਰਹੇ ਹਾਂ। ਮੈਂ ਖੁਦ ਵੀ ਰਾਸ਼ਟਰਮੰਡਲ ਖੇਡ ਮਹਾਸੰਘ (ਸੀ. ਜੀ. ਐੱਫ.) ਦੇ ਮੁਖੀ ਮਾਰਟਿਨ ਲੂਇਸ ਨਾਲ ਨਿੱਜੀ ਤੌਰ 'ਤੇ ਸੰਪਰਕ ਵਿਚ ਹਾਂ। ਇਸ ਮੁੱਦੇ 'ਤੇ ਲਗਾਤਾਰ ਗੱਲਬਾਤ ਚੱਲ ਰਹੀ ਹੈ । ਅਸੀਂ ਏਸ਼ੀਆਈ ਓਲੰਪਿਕ ਪ੍ਰੀਸ਼ਦ (ਓ. ਸੀ. ਏ.) ਨਾਲ ਵੀ ਇਸ ਮਾਮਲੇ ਨੂੰ ਸੀ. ਜੀ. ਐੱਫ. ਕੋਲ ਉਠਾਉਣ ਨੂੰ ਕਿਹਾ ਹੈ। ''