ਪਦਮਿਨੀ ਦੀ ਵੱਡੀ ਭੁੱਲ ; ਸਮ੍ਰਿਧਾ ਨਾਲ ਖੇਡੀ ਬਾਜ਼ੀ ਡਰਾਅ

11/29/2017 11:37:46 PM

ਅਹਿਮਦਾਬਾਦ — ਭਾਰਤ ਦੀਆਂ ਚੋਟੀ ਦੀਆਂ ਮਹਿਲਾ ਖਿਡਾਰਨਾਂ ਵਿਚਾਲੇ ਚੱਲ ਰਹੀ 44ਵੀਂ ਰਾਸ਼ਟਰੀ ਮਹਿਲਾ ਪ੍ਰੀਮੀਅਮ ਸ਼ਤਰੰਜ ਚੈਂਪੀਅਨਸ਼ਿਪ ਵਿਚ ਅੱਜ ਦਾ ਦਿਨ ਹੁਣ ਤਕ ਦਾ ਸਭ ਤੋਂ ਰੋਮਾਂਚਕ ਦਿਨ ਸਾਬਤ ਹੋਇਆ। ਅੱਜ ਕਈ ਹੈਰਾਨ ਕਰਨ ਵਾਲੇ ਨਤੀਜਿਆਂ ਦੌਰਾਨ ਹੁਣ ਪਦਮਨੀ ਰਾਊਤ ਸਿਰਫ ਇਕੱਲੀ ਸਭ ਤੋਂ ਅੱਗੇ ਨਹੀਂ ਰਹਿ ਗਈ ਹੈ, ਉਸ ਦੇ ਨਾਲ ਨੰਧਿਧਾ ਪੀ. ਵੀ. ਅਤੇ ਮੀਨਾਕਸ਼ੀ ਸੁਬਰਾਮਣੀਅਮ ਵੀ ਸਾਂਝੀ ਲੀਡ 'ਚ ਸ਼ਾਮਿਲ ਹੋ ਗਈਆਂ ਹਨ।
ਪੀ. ਐੱਸ. ਪੀ. ਬੀ. ਦੀ ਪਦਮਿਨੀ ਲਈ ਸਾਰੇ ਆਸਾਨ ਜਿੱਤ ਦੀ ਉਮੀਦ ਕਰ ਰਹੇ ਸਨ ਕਿਉਂਕਿ ਉਹ 3.5 ਅੰਕਾਂ ਨਾਲ ਸ਼ਾਨਦਾਰ ਪ੍ਰਦਰਸ਼ਨ ਕਰ ਰਹੀ। ਉਸਦੇ ਸਾਹਮਣੇ ਹੁਣ ਤਕ ਸਿਰਫ ਅੱਧਾ ਅੰਕ ਬਣਾ ਸਕੀ ਬੰਗਾਲ ਦੀ ਖਿਡਾਰਨ ਸਮਰਿਧਾ ਘੋਸ਼ ਸੀ। ਖੇਡ ਦੀ ਸ਼ੁਰੂਆਤ 'ਚ ਪਦਮਿਨੀ ਨੇ ਸਮਰਿਧਾ ਨੂੰ ਪ੍ਰੇਸ਼ਾਨ ਕਰਨ ਲਈ ਅਤੇ ਉਸ 'ਤੇ ਹਮਲਾ ਕਰਨ ਦੇ ਇਰਾਦੇ ਨਾਲ ਖਤਰਾ ਮੋਹ ਲੈਂਦੇ ਹੋਏ ਚਾਲਾਂ ਖੇਡੀਆਂ। ਰੇਟੀ ਓਪਨਿੰਗ ਵਿਚ ਹੋਏ ਇਸ ਮੁਕਾਬਲੇ ਵਿਚ 19ਵੀਂ ਚਾਲ ਤੋਂ ਬਾਅਦ ਪਦਮਿਨੀ ਦੀ ਸਥਿਤੀ ਕਈ ਵਾਰ ਉਸ ਦੇ ਰਾਜੇ ਅਤੇ ਪਿਆਦਿਆਂ ਦੀ ਕਮਜ਼ੋਰ ਹਾਲਤ ਕਾਰਨ ਪਤਲੀ ਪੈਣ ਲੱਗੀ ਸੀ ਪਰ ਪਦਮਿਨੀ ਨੇ ਆਪਣੇ ਤਜਰਬੇ ਦਾ ਲਾਭ ਚੁੱਕਦੇ ਹੋਏ ਲਗਾਤਾਰ ਹਮਲਾ ਕਰਨਾ ਜਾਰੀ ਰੱਖਿਆ। ਖੇਡ ਕਈ ਵਾਰ ਦੋਵੇਂ ਪਾਸੇ ਝੁਕਦਾ ਰਿਹਾ। ਇਸੇ ਦੌਰਾਨ ਖੇਡ ਦੀ 33ਵੀਂ ਚਾਲ ਵਿਚ ਸਮ੍ਰਿਧਾ ਦੇ ਘੋੜਿਆਂ ਦੀ ਇਕ ਗਲਤ ਚਾਲ 'ਤੇ ਪਦਮਿਨੀ ਆਪਣੇ ਊਠ ਨੂੰ ਕੁਰਬਾਨ ਕਰ ਕੇ ਸਿੱਧਾ ਮੈਚ ਜਿੱਤ ਸਕਦੀ ਸੀ। ਉਹ ਇਥੇ ਗਲਤੀ ਕਰ ਬੈਠੀ ਅਤੇ ਸਮ੍ਰਿਧਾ ਨੂੰ ਬੜ੍ਹਤ ਹਾਸਲ ਹੋ ਗਈ। 
ਖੇਡ ਦੀ 43ਵੀਂ ਚਾਲ ਵਿਚ ਜਦੋਂ ਉਹ ਜਿੱਤ ਦਰਜ ਕਰਨ ਦੀ ਸਥਿਤੀ 'ਚ ਨਜ਼ਰ ਆ ਰਹੀ ਸੀ ਤਾਂ ਸਮ੍ਰਿਧਾ ਨੇ ਹੈਰਾਨੀਜਨਕ ਤਰੀਕੇ ਨਾਲ ਖੇਡ ਨੂੰ ਡਰਾਅ ਕੀਤਾ। ਉਤਰਾਅ-ਚੜ੍ਹਾਅ ਵਿਚਾਲੇ ਇਹ ਮੈਚ ਬਰਾਬਰੀ 'ਤੇ ਖਤਮ ਹੋਇਆ।