ਵੱਡੇ ਦਿਲ ਵਾਲਾ ਧੋਨੀ, ਆਪਣੇ ਪਹਿਲੇ ਸਪਾਂਸਰ ਨੂੰ ਮਾਹੀ ਨੇ ਇੰਝ ਦਿੱਤਾ ਸੀ ਸਰਪ੍ਰਾਈਜ਼

07/08/2020 1:39:21 AM

ਨਵੀਂ ਦਿੱਲੀ– ਭਾਰਤੀ ਟੀਮ ਨੂੰ 2007 ਦਾ ਟੀ-20 ਤੇ 2011 ਦਾ ਵਿਸ਼ਵ ਕੱਪ ਜਿਤਾਉਣ ਵਾਲੇ ਮਹਿੰਦਰ ਸਿੰਘ ਧੋਨੀ ਆਪਣੇ ਵੱਡੇ ਦਿਲ ਦੇ ਲਈ ਵੀ ਜਾਣੇ ਜਾਂਦੇ ਹਨ। ਮਹਿੰਦਰ ਸਿੰਘ ਧੋਨੀ ਜਦੋਂ ਝਾਰਖੰਡ ਦੇ ਛੋਟੇ-ਛੋਟੇ ਮੈਦਾਨਾਂ 'ਤੇ ਵੱਡੇ ਸਕੋਰ ਬਣਾਉਂਦਾ ਸੀ ਤਾਂ ਉਸ ਨੂੰ ਸਿਰਫ ਇਕ ਗੱਲ ਦੀ ਕਮੀ ਮਹਿਸੂਸ ਹੁੰਦੀ ਸੀ। ਉਹ ਗੱਲ ਸੀ ਕਿਸੇ ਸਪਾਂਸਰ ਦਾ ਨਾ ਹੋਣਾ। ਸਾਧਾਰਣ ਬੱਲਿਆਂ ਨਾਲ ਖੇਡਦੇ ਧੋਨੀ ਲਈ ਉਸਦਾ ਦੋਸਤ ਪਰਮਜੀਤ ਸਿੰਘ ਕਾਫੀ ਕੰਮ ਆਇਆ। 


ਪਰਮਜੀਤ ਜਿਹੜਾ ਕਿ ਸਪੋਰਟਸ ਦੀ ਇਕ ਦੁਕਾਨ ਚਲਾਉਂਦਾ ਸੀ, ਧੋਨੀ ਨੂੰ ਪਹਿਲਾ ਕਿੱਟ ਬੈਗ ਸਪਾਂਸਰ ਦਿਵਾਉਣ ਵਿਚ ਮਦਦ ਕੀਤੀ ਸੀ। ਧੋਨੀ ਨੂੰ ਇਹ ਮਦਦ ਅਜਿਹੇ ਸਮੇਂ ਮਿਲੀ ਜਦੋਂ ਉਹ ਪੂਰੀ ਤਰ੍ਹਾਂ ਉਤਸ਼ਾਹਿਤ ਹੋ ਕੇ ਕ੍ਰਿਕਟ ਕਰੀਅਰ ਨੂੰ ਅੱਗੇ ਵਧਾ ਰਿਹਾ ਸੀ। ਧੋਨੀ ਕਈ ਸਾਲ ਬਾਅਦ ਵੀ ਆਪਣੇ ਕ੍ਰਿਕਟ ਜੀਵਨ ਦੇ ਉਸ ਪਹਿਲੇ ਸਪਾਂਸਰ ਨੂੰ ਨਹੀਂ ਭੁੱਲੇ। 2019 ਦੇ ਵਿਸ਼ਵ ਕੱਪ ਦੇ ਦੌਰਾਨ ਧੋਨੀ ਨੇ ਆਪਣੇ ਉਸ ਪਹਿਲੇ ਸਪਾਂਸਰ ਨੂੰ ਵੱਡਾ ਸਰਪ੍ਰਾਈਜ਼ ਦਿੱਤਾ ਤੇ ਉਸਦੇ ਬੱਲੇ ਨਾਲ ਬਿਨਾਂ ਪੈਸੇ ਲਈ ਖੇਡੇ।


ਸੋਮਨਾਥ ਕੋਹਲੀ ਨੇ ਨੌਜਵਾਨ ਧੋਨੀ ਨੂੰ ਕਿੱਟ ਸਪਾਂਸਰ ਕਰਨ ਦੀ ਘਟਨਾ ਨੂੰ ਯਾਦ ਕਰਦੇ ਹੋਏ ਕਿਹਾ,''ਉਸ ਸਮੇਂ ਮੈਨੂੰ ਪਤਾ ਨਹੀਂ ਸੀ ਕਿ ਧੋਨੀ ਕਿਹੋ ਜਿਹਾ ਖੇਡਦਾ ਸੀ। ਸਾਡਾ ਕੰਮ ਸੀ ਕਿ ਅਸੀਂ ਮੈਦਾਨ 'ਤੇ ਜਾ ਕੇ ਦੇਖਦੇ ਸੀ ਕਿ ਕਿਸ ਕ੍ਰਿਕਟਰ ਦੀ ਤਕਨੀਕ ਕਿਹੋ ਜਿਹੀ ਹੈ ਤੇ ਉਹ ਕਿੰਨੀਆਂ ਦੌੜਾਂ ਬਣਾਉਂਦਾ ਆ ਰਿਹਾ ਹੈ। ਧੋਨੀ ਨੂੰ ਸਪਾਂਸਰਿਸ਼ਪ ਦੇਣ ਦੀ ਰਟ ਸਾਡੇ ਇਕ ਗਾਹਕ ਪਰਮਜੀਤ ਨੇ ਲਾਈ ਸੀ। ਉਹ ਫੋਨ ਕਰਕੇ ਤੇ ਕਦੇ ਸਾਡੇ ਬੀਟਸ ਆਲ ਸਪੋਰਟਸ (ਬਾਸ) ਦੇ ਜਲੰਧਰ ਆਫਿਸ ਵਿਚ ਆ ਕੇ ਬੱਸ ਧੋਨੀ ਦੀ ਹੀ ਸ਼ਲਾਘਾ ਕਰਦਾ ਸੀ।''


ਸੋਮਨਾਥ ਨੇ ਕਿਹਾ ਕਿ ਪਰਮਜੀਤ ਦੀ ਰਟ ਤੋਂ ਮੈਂ ਪ੍ਰੇਸ਼ਾਨ ਹੋ ਗਿਆ ਸੀ। ਮੈਂ ਉਸ ਨੂੰ ਕਿਹਾ,''ਲੜਕਾ ਤਾਂ ਉਹ ਰਾਂਚੀ ਦਾ ਹੈ ਪਰ ਤੂੰ ਉਸਦੇ ਪਿੱਛੇ ਇੰਨਾ ਕਿਉਂ ਘੁੰਮ ਰਿਹਾ ਹੈ? ਤਾਂ ਉਸ ਨੇ ਕਿਹਾ ਕਿ ਸਾਡਾ ਸਾਰਿਆਂ ਦਾ ਸੁਪਨਾ ਹੁੰਦਾ ਹੈ ਕਿ ਅਸੀਂ ਆਪਣੀ ਗੇਮ ਵਿਚ ਅੱਗੇ ਵਧੀਏ ਪਰ ਗੇਮ ਵਿਚ ਅੱਗੇ ਉਹ ਹੀ ਵੱਧਦਾ ਹੈ, ਜਿਸਦੇ ਕੋਲ ਟੈਲੰਟ ਹੋਵੇ। ਅਸੀਂ ਵੀ ਅੱਗੇ ਵਧਣਾ ਚਾਹੁੰਦੇ ਸੀ ਪਰ ਸਾਡੇ ਕੋਲ ਜਜਬਾ ਸੀ ਪਰ ਟੈਲੰਟ ਨਹੀਂ। ਹੁਣ ਇਹ ਟੈਲੰਟ ਮਾਹੀ ਵਿਚ ਦੇਖ ਰਹੇ ਹਾਂ। ਮਾਹੀ ਜਦੋਂ ਸਫਲ ਹੋਇਆ ਤਾਂ ਉਸ ਨੇ ਯੰਗ ਕ੍ਰਿਕਟਰਾਂ ਦੀ ਮਦਦ ਇਸੇ ਤਰ੍ਹਾਂ ਕੀਤੀ ਕਿ ਜਦੋਂ ਵੀ ਉਹ ਪ੍ਰੈਕਟਿਸ ਜਾਂ ਮੈਚ ਤੋਂ ਪਰਤਦਾ ਤਾਂ ਆਪਣਾ ਬੈਟ, ਬਾਲ, ਪੈਡ, ਹੈਲਮੈੱਟ ਤੇ ਗਲਵਜ਼ ਵਿਚੋਂ ਕੁਝ ਨਾ ਕੁਝ ਕ੍ਰਿਕਟਰਾਂ ਨੂੰ ਦਿੰਦਾ ਸੀ। ਸ਼ਾਇਦ ਧੋਨੀ ਨੂੰ ਇਹ ਪਤਾ ਸੀ ਕਿ ਜਿਸ ਤਰ੍ਹਾਂ ਸ਼ੁਰੂਆਤੀ ਕਰੀਅਰ ਵਿਚ ਮਿਲੀ ਅਜਿਹੀ ਮਦਦ ਨਾਲ ਉਸਦਾ ਭਵਿੱਖ ਬਣਿਆ ਹੈ, ਉਸਦੇ ਕਾਰਣ ਕਿਸੇ ਹੋਰ ਦਾ ਵੀ ਬਣ ਜਾਵੇ।

Gurdeep Singh

This news is Content Editor Gurdeep Singh