CSK ਨੂੰ ਲੱਗਾ ਵੱਡਾ ਝਟਕਾ, ਤੇਜ਼ ਗੇਂਦਬਾਜ਼ ਦੀਪਕ ਚਾਹਰ IPL ਤੋਂ ਬਾਹਰ

04/12/2022 2:43:09 PM

ਮੁੰਬਈ- ਤੇਜ਼ ਗੇਂਦਬਾਜ਼ ਦੀਪਕ ਚਾਹਰ ਦੀ ਪਿੱਠ ਦੀ ਸੱਟ ਕਾਰਨ ਉਨ੍ਹਾਂ ਦੇ ਇੰਡੀਅਨ ਪ੍ਰੀਮੀਅਰ ਲੀਗ 2022 ਦੇ ਸੈਸ਼ਨ 'ਚ ਖੇਡਣ ਦੀਆਂ ਸੰਭਾਵਨਾਵਾਂ ਲਗਭਗ ਖ਼ਤਮ ਹੋ ਗਈਆਂ ਹਨ ਜਿਸ ਨਾਲ ਚੇਨਈ ਸੁਪਰਕਿੰਗਜ਼ ਦੀ ਮੁਸੀਬਤ ਹੋਰ ਵਧ ਗਈ ਹੈ। ਮੁੱਖ ਤੇਜ਼ ਗੇਂਦਬਾਜ਼ ਚਾਹਰ ਦੇ ਸੱਟ ਦਾ ਸ਼ਿਕਾਰ ਹੋਣ ਦਾ ਸੁਪਰ ਕਿੰਗਜ਼ ਨੂੰ ਖ਼ਾਮਿਆਜ਼ਾ ਭੁਗਤਣਾ ਪਿਆ ਹੈ ਤੇ ਟੀਮ ਆਪਣੇ ਸ਼ੁਰੂਆਤੀ ਚਾਰ ਮੁਕਾਬਲੇ ਗੁਆਉਣ ਦੇ ਬਾਅਦ 10 ਟੀਮਾਂ ਦੀ ਅੰਕ ਸਾਰਣੀ 'ਤੇ ਆਖ਼ਰੀ ਸਥਾਨ 'ਤੇ ਹੈ।

ਇਹ ਵੀ ਪੜ੍ਹੋ : CSK vs RCB : ਮੈਚ ਤੋਂ ਪਹਿਲਾਂ ਅਭਿਆਸ ਸੈਸ਼ਨ 'ਚ ਜਡੇਜਾ ਨੂੰ ਮਿਲੇ ਵਿਰਾਟ ਕੋਹਲੀ

ਸੁਪਰ ਕਿੰਗਜ਼ ਨੇ ਹਮੇਸ਼ਾ ਦਾਅਵਾ ਕੀਤਾ ਕਿ ਨਿਲਾਮੀ 'ਚ 14 ਕਰੋੜ ਰੁਪਏ 'ਚ ਖ਼ਰੀਦੇ ਗਏ ਚਾਹਰ ਅਪ੍ਰੈਲ ਦੇ ਦੂਜੇ ਹਫ਼ਤੇ ਤੋਂ ਪਹਿਲਾਂ ਫਿੱਟ ਹੋ ਜਾਣਗੇ। ਪਰ ਸੱਟ ਦੀ ਗੰਭੀਰਤਾ ਨੂੰ ਦੇਖਦੇ ਹੋਏ ਉਨ੍ਹਾਂ ਦੇ ਟੂਰਨਾਮੈਂਟ ਦੇ ਲਈ ਉਪਲੱਬਧ ਹੋਣ ਦੀ ਸੰਭਾਵਨਾ ਨਹੀਂ ਹੈ। ਸੂਤਰਾਂ ਮੁਤਾਬਕ ਭਾਰਤ ਤੇ ਚੇਨਈ ਸੁਪਰ ਕਿੰਗਜ਼ ਦੇ ਇਸ ਤੇਜ਼ ਗੇਂਦਬਾਜ਼ ਨੂੰ ਬੈਂਗਲੁਰੂ 'ਚ ਰਾਸ਼ਟਰੀ ਕ੍ਰਿਕਟ ਅਕੈਡਮੀ 'ਚ ਰਿਹੈਬਲਿਟੇਸ਼ਨ ਦੇ ਦੌਰਾਨ ਸੱਟ ਲੱਗੀ ਸੀ।

ਚਾਹਰ ਇਕ ਮਹੀਨੇ ਤੋਂ ਵੱਧ ਸਮੇਂ ਤੋਂ ਰਸ਼ਟਰੀ ਕ੍ਰਿਕਟ ਅਕੈਡਮੀ 'ਚ ਹਨ ਜਿੱਥੇ ਉਹ ਫਰਵਰੀ 'ਚ ਵੈਸਟਇੰਡੀਜ਼ ਦੇ ਖ਼ਿਲਾਫ਼ ਟੀ20 ਸੀਰੀਜ਼ ਦੇ ਦੌਰਾਨ ਪੈਰ 'ਤੇ ਲੱਗੀ ਸੱਟ ਤੋਂ ਉੱਭਰਨ ਗਏ ਸਨ। ਸ਼ੁਰੂਆਤ 'ਚ ਮੰਨਿਆ ਜਾ ਰਿਹਾ ਸੀ ਕਿ ਚਾਹਰ ਆਈ. ਪੀ. ਐੱਲ. ਦੇ ਜ਼ਿਆਦਾਤਰ ਹਿੱਸੇ ਤੋਂ ਬਾਹਰ ਰਹਿਣਗੇ ਪਰ ਉਨ੍ਹਾਂ ਦੇ ਤੇਜ਼ੀ ਨਾਲ ਉੱਭਰਨ ਦੇ ਕਾਰਨ ਸੁਪਰ ਕਿੰਗਜ਼ ਨੂੰ ਉਮੀਦ ਸੀ ਕਿ ਉਹ ਅਪ੍ਰੈਲ ਦੇ ਆਖ਼ਰੀ ਹਫ਼ਤਿਆਂ 'ਚ ਵਾਪਸੀ ਕਰਨ 'ਚ ਸਫਲ ਰਹਿਣਗੇ।

ਇਹ ਵੀ ਪੜ੍ਹੋ : IPL ਦੇ ਅਗਲੇ 2 ਮੈਚਾਂ ਤੋਂ ਬਾਹਰ ਹੋ ਸਕਦੇ ਹਨ ਸਨਰਾਈਜ਼ਰਜ਼ ਦੇ ਆਲਰਾਊਂਡਰ ਵਾਸ਼ਿੰਗਟਨ ਸੁੰਦਰ

ਫਰਵਰੀ 'ਚ ਵੈਸਟਇੰਡੀਜ਼ ਖ਼ਿਲਾਫ਼ ਤੀਜੇ ਟੀ-20 ਦੇ ਦੌਰਾਨ ਇਸ ਗੇਂਦਬਾਜ਼ੀ ਆਲਰਾਊਂਡਰ ਦੇ ਪੈਰ 'ਤੇ ਸੱਟ ਲੱਗੀ ਸੀ ਤੇ ਉਨ੍ਹਾਂ ਨੂੰ ਆਪਣਾ ਸਪੈਲ ਪੂਰਾ ਕੀਤੇ ਬਗ਼ੈਰ ਮੈਦਾਨ ਤੋਂ ਬਾਹਰ ਜਾਣਾ ਪਿਆ ਸੀ। ਚਾਹਰ ਇਸ ਤੋਂ ਬਾਅਦ ਸ਼੍ਰੀਲੰਕਾ ਖ਼ਿਲਾਫ਼ ਸੀਰੀਜ਼ 'ਚ ਖੇਡ ਨਹੀਂ ਸਕੇ ਸਨ। ਚਾਹਰ ਨੇ ਪਿਛਲੇ ਸਾਲ ਟੀਮ ਦੀ ਖ਼ਿਤਾਬੀ ਜਿੱਤ 'ਚ ਅਹਿਮ ਭੂਮਿਕਾ ਨਿਭਾਈ ਸੀ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।

Tarsem Singh

This news is Content Editor Tarsem Singh