ਹੈਦਰਾਬਾਦ ਨੂੰ ਲੱਗਾ ਝਟਕਾ, ਅੱਜ ਮੁੰਬਈ ਦੇ ਖਿਲਾਫ ਨਹੀਂ ਖੇਡ ਸਕਣਗੇ ਭੁਵਨੇਸ਼ਵਰ

04/24/2018 3:04:34 PM

ਮੁੰਬਈ (ਬਿਊਰੋ)— ਸਨਰਾਈਜ਼ਰਜ਼ ਹੈਦਰਾਬਾਦ ਦੇ ਉਪ ਕਤਪਾਨ ਭੁਵਨੇਸ਼ਵਰ ਕੁਮਾਰ ਮੁੰਬਈ ਇੰਡੀਅਨਜ਼ ਦੇ ਖਿਲਾਫ ਮੰਗਲਵਾਰ ਨੂੰ ਹੋਣ ਵਾਲੇ ਆਈ.ਪੀ.ਐੱਲ. ਮੈਚ 'ਚ ਨਹੀਂ ਖੇਡਣਗੇ। ਭਾਰਤੀ ਤੇਜ਼ ਗੇਂਦਬਾਜ਼ ਭੁਵਨੇਸ਼ਵਰ ਕੁਮਾਰ ਪਿੱਠ ਦੀ ਸੱਟ ਤੋਂ ਪਰੇਸ਼ਾਨ ਦੱਸੇ ਜਾ ਰਹੇ ਹਨ ਅਤੇ ਹੁਣ ਉਨ੍ਹਾਂ ਨੂੰ ਥੋੜ੍ਹੇ ਆਰਾਮ ਦੀ ਸਲਾਹ ਦਿੱਤੀ ਗਈ ਹੈ। ਹੈਦਰਾਬਾਦ ਦੇ ਕਪਤਾਨ ਨਿਊਜ਼ੀਲੈਂਡ ਦੇ ਕੇਨ ਵਿਲੀਅਮਸਨ ਨੇ ਇਸ ਖ਼ਬਰ ਦੀ ਪੁਸ਼ਟੀ ਕੀਤੀ ਹੈ। 

ਉਨ੍ਹਾਂ ਕਿਹਾ ਕਿ ਭੁਵਨੇਸ਼ਵਰ ਟੀਮ ਦੇ ਨਾਲ ਯਾਤਰਾ ਨਹੀਂ ਕਰਨਗੇ ਅਤੇ ਮੁੰਬਈ 'ਚ ਅਗਲਾ ਮੈਚ ਵੀ ਨਹੀਂ ਖੇਡਣਗੇ, ਪਰ ਸਾਨੂੰ ਇਹ ਉਮੀਦ ਹੈ ਕਿ ਸ਼ਿਖਰ ਧਵਨ ਹੁਣ ਠੀਕ ਹਨ। ਇਸ ਤੋਂ ਪਹਿਲਾਂ ਹੈਦਰਾਬਾਦ ਦੇ ਸਟਾਰ ਬੱਲੇਬਾਜ਼ ਧਵਨ ਕਿੰਗਜ਼ ਇਲੈਵਨ ਪੰਜਾਬ ਦੇ ਖਿਲਾਫ ਮੈਚ 'ਚ ਸੱਟ ਦਾ ਸ਼ਿਕਾਰ ਹੋ ਗਏ ਸਨ ਅਤੇ ਚੇਨਈ ਦੇ ਖਿਲਾਫ ਮੈਚ 'ਚ ਨਹੀਂ ਖੇਡੇ ਸਨ। ਹੈਦਰਾਬਾਦ ਨੇ ਅਜੇ ਤੱਕ ਆਈ.ਪੀ.ਐੱਲ. 2018 'ਚ ਪੰਜਾਂ 'ਚੋਂ ਤਿੰਨ ਮੈਚ ਜਿੱਤੇ ਹਨ ਅਤੇ ਅੰਕ ਸੂਚੀ 'ਚ ਉਹ ਚੌਥੇ ਸਥਾਨ 'ਤੇ ਹੈ। ਆਲਰਾਊਂਡਰ ਯੂਸੁਫ ਪਠਾਨ ਨੂੰ ਲੈ ਕੇ ਵੀ ਵਿਲੀਅਮਸਨ ਨੇ ਵਾਪਸੀ ਦੀ ਉਮੀਦ ਜਤਾਈ ਹੈ।