ਫਿੱਟਨੈੱਸ ਦੇ ਮੁਲਾਂਕਣ ਲਈ ਭੁਵਨੇਸ਼ਵਰ ਨੇ ਕੀਤਾ ਭਾਰਤੀ ਟੈਸਟ ਟੀਮ ਨਾਲ ਅਭਿਆਸ

11/13/2019 11:45:22 AM

ਸਪੋਰਟਸ ਡੈਸਕ— ਬਾਂਹ 'ਚ ਖਿਚਾਅ ਤੇ ਹੈਮਸਟ੍ਰਿੰਗ ਨਾਲ ਜੂਝ ਰਹੇ ਤੇਜ਼ ਗੇਂਦਬਾਜ਼ ਭੁਵਨੇਸ਼ਵਰ ਕੁਮਾਰ ਨੇ ਬੰਗਲਾਦੇਸ਼ ਵਿਰੁੱਧ ਪਹਿਲੇ ਟੈਸਟ ਤੋਂ ਪਹਿਲਾਂ ਆਪਣੀ ਫਿੱਟਨੈੱਸ ਦੇ ਮੁਲਾਂਕਣ ਲਈ ਭਾਰਤੀ ਟੀਮ ਨਾਲ ਅਭਿਆਸ ਸੈਸ਼ਨ ਵਿਚ ਹਿੱਸਾ ਲਿਆ। ਭੁਵਨੇਸ਼ਵਰ ਰਿਹੈਬਲੀਟੇਸ਼ ਦੇ ਆਖਰੀ ਸੈਸ਼ਨ 'ਚ ਹੈ ਤੇ ਇਹ ਭਾਰਤੀ ਟੀਮ ਮੈਨੇਜਮੈਂਟ ਦੀ ਦੇਖ-ਰੇਖ 'ਚ ਹੋ ਰਿਹਾ ਹੈ। ਵੈਸਟਇੰਡੀਜ਼ ਤੋਂ ਪਰਤਣ ਤੋਂ ਬਾਅਦ ਭੁਵਨੇਸ਼ਵਰ ਦੀ ਸੱਟ ਭਾਰਤੀ ਟੀਮ ਲਈ ਚਿੰਤਾ ਦਾ ਸਬੱਬ ਬਣੀ ਹੋਈ ਹੈ। ਉਹ ਰਾਸ਼ਟਰੀ ਕ੍ਰਿਕਟ ਅਕੈਡਮੀ 'ਚ ਰਿਹੈਬਲੀਟੇਸ਼ਨ ਪ੍ਰੋਗਰਾਮ 'ਚ ਹਿੱਸਾ ਲੈ ਰਿਹਾ ਹੈ। ਟੀਮ ਦੇ ਇਕ ਸੂਤਰ ਨੇ ਦੱਸਿਆ, ''ਭੁਵੀ ਇੱਥੇ ਟੀਮ ਨਾਲ ਸਕਿੱਲ ਸੈਸ਼ਨ 'ਚ ਹਿੱਸਾ ਲੈ ਰਿਹਾ ਹੈ। ਟੀਮ ਮੈਨੇਜਮੈਂਟ ਚਾਹੁੰਦੀ ਹੈ ਕਿ ਉਹ ਲੈਅ 'ਚ ਰਹੇ।''

ਉਸ ਨੇ ਫੀਲਡਿੰਗ ਕੋਚ ਆਰ ਸ਼੍ਰੀਧਰ ਨਾਲ ਕੈਚਿੰਗ ਸੈਸ਼ਨ 'ਚ ਵੀ ਭਾਗ ਲਿਆ। ਉਸ ਨੇ ਕੁਝ ਗੇਂਦਾਂ ਪੂਰੇ ਰਨਅਪ ਦੇ ਨਾਲ ਪਾਈਆਂ। ਖਲੀਲ ਅਹਿਮਦ ਅਜੇ ਸਿਖ ਰਹੇ ਹਨ ਅਤੇ ਜਸਪ੍ਰੀਤ ਬੁਮਰਾਹ ਦੇ ਕਾਰਜਭਾਰ 'ਤੇ ਵੀ ਧਿਆਨ ਦੇਣਾ ਹੈ ਲਿਹਾਜਾ ਭੁਵਨੇਸ਼ਵਰ ਦਾ ਫਿੱਟ ਹੋ ਕੇ ਪਰਤਣਾ ਭਾਰਤੀ ਟੀਮ ਲਈ ਅਹਿਮ ਹੈ।
ਭੁਵਨੇਸ਼ਵਰ ਦੀ ਹਾਜ਼ਰੀ ਨਾਲ ਇਹ ਵੀ ਸੰਕੇਤ ਮਿਲਿਆ ਕਿ ਫਿਜ਼ੀਓ ਨਿਤੀਨ ਪਟੇਲ ਅਤੇ ਟ੍ਰੇਨਰ ਨਿਕ ਵੈਬ ਦੀ ਭਵਿੱਖ 'ਚ ਉਸ ਦੀ ਫਿੱਟਨੈੱਸ 'ਚ ਅਹਿਮ ਭੂਮਿਕਾ ਹੋਵੇਗੀ। ਹਾਲ ਹੀ ਦੇ ਬੀਤੇ ਸਾਲਾਂ 'ਚ ਰਾਸ਼ਟਰੀ ਕ੍ਰਿਕਟ ਅਕੈਡਮੀ ਦੀ ਕਾਫ਼ੀ ਆਲੋਚਨਾ ਹੋਈ ਹੈ ਜਿਸ ਦੇ ਬਾਰੇ 'ਚ ਕਿਹਾ ਜਾਂਦਾ ਹੈ ਕਿ ਉਹ ਸੈਂਟਰ ਆਫ ਐਕਸੀਲੈਂਸ ਦੀ ਬਜਾਏ ਰਿਹੈਬਲੀਟੇਸ਼ਨ ਸੈਂਟਰ ਬਣ ਗਿਆ ਹੈ।