ਭੁਵਨੇਸ਼ਵਰ ਦੀ ਹੋਈ ਸਰਜਰੀ, ਪ੍ਰਿਥਵੀ ਨਿਊਜ਼ੀਲੈਂਡ ਦੌਰੇ ਲਈ ਰਵਾਨਾ

01/17/2020 12:30:43 AM

ਨਵੀਂ ਦਿੱਲੀ- ਭਾਰਤੀ ਤੇਜ਼ ਗੇਂਦਬਾਜ਼ ਭੁਵਨੇਸ਼ਵਰ ਕੁਮਾਰ ਦੀ ਲੰਡਨ ਵਿਚ ਸਫਲ ਸਪੋਰਟਸ ਹਰਨੀਆਂ ਦੀ ਸਰਜਰੀ ਹੋਈ ਹੈ ਤੇ ਉਹ ਭਾਰਤ ਪਰਤ ਕੇ ਬੈਂਗਲੁਰੂ ਵਿਚ ਰਿਹੈਬਲੀਟੇਸ਼ਨ 'ਚੋਂ ਲੰਘੇਗਾ, ਜਦਕਿ ਨੌਜਵਾਨ ਓਪਨਰ ਪ੍ਰਿਥਵੀ ਸ਼ਾਹ ਆਪਣੇ ਮੋਢੇ ਦੀ ਸੱਟ ਤੋਂ ਉਭਰ ਕੇ ਭਾਰਤ-ਏ ਟੀਮ ਨਾਲ ਜੁੜਨ ਲਈ ਨਿਊਜ਼ੀਲੈਂਡ ਰਵਾਨਾ ਹੋ ਗਿਆ ਹੈ। ਬੀ. ਸੀ. ਸੀ. ਆਈ. ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਭੁਵਨੇਸ਼ਵਰ 9 ਜਨਵਰੀ ਨੂੰ ਲੰਡਨ ਪਹੁੰਚਿਆ ਸੀ ਤੇ 11 ਜਨਵਰੀ ਨੂੰ ਉਸਦੀ ਸਰਜਰੀ ਹੋਈ ਸੀ। ਇਸ ਵਿਚਾਲੇ ਮੁੰਬਈ ਦਾ 20 ਸਾਲਾ ਬੱਲੇਬਾਜ਼ ਪ੍ਰਿਥਵੀ ਸ਼ਾਹ ਆਪਣੇ ਮੋਢੇ ਦੀ ਸੱਟ ਤੋਂ ਉਭਰ ਕੇ ਪੂਰੀ ਤਰ੍ਹਾਂ ਫਿੱਟ ਹੋ ਗਿਆ ਹੈ। ਪ੍ਰਿਥਵੀ ਇਸ ਮਹੀਨੇ ਦੇ ਸ਼ੁਰੂ ਵਿਚ ਕਰਨਾਟਕ ਵਿਰੁੱਧ ਰਣਜੀ ਮੈਚ ਵਿਚ ਫੀਲਡਿੰਗ ਕਰਦੇ ਸਮੇਂ ਮੈਦਾਨ 'ਤੇ ਡਿੱਗ ਕੇ ਆਪਣਾ ਮੋਢਾ ਜ਼ਖ਼ਮੀ ਕਰ ਬੈਠਾ ਸੀ ਤੇ ਉਸਦਾ ਨਿਊਜ਼ੀਲੈਂਡ ਦੌਰੇ ਵਿਚ ਖੇਡਣਾ ਸ਼ੱਕੀ ਨਜ਼ਰ ਆ ਰਿਹਾ ਸੀ।
ਪ੍ਰਿਥਵੀ ਭਾਰਤ ਏ ਟੀਮ ਦੇ ਨਾਲ ਜੁੜਣ ਦੇ ਲਈ ਨਿਊਜ਼ੀਲੈਂਡ ਰਵਾਨਾ ਹੋ ਗਿਆ ਹੈ। ਪ੍ਰਿਥਵੀ ਏ ਟੀਮ ਦੇ ਦੌਰੇ ਤੋਂ ਬਾਅਦ ਸੀਨੀਅਰ ਟੀਮ ਦੇ ਨਿਊਜ਼ੀਲੈਂਡ ਦੌਰੇ ਲਈ ਵੀ ਹੋੜ 'ਚ ਰਹਿਣਗੇ। ਭਾਰਤ ਏ ਟੀਮ ਨੂੰ ਨਿਊਜ਼ੀਲੈਂਡ ਦੌਰੇ 'ਚ ਤਿੰਨ ਵਨ ਡੇ ਮੈਚ ਤੇ 2 ਚਾਰ ਦਿਨਾ ਮੈਚ ਖੇਡਣੇ ਹਨ। ਭਾਰਤ ਏ ਦਾ ਦੌਰਾ ਖਤਮ ਹੋਣ ਦੇ 11 ਦਿਨ ਬਾਅਦ ਸੀਨੀਅਰ ਟੀਮ 21 ਫਰਵਰੀ ਤੋਂ ਨਿਊਜ਼ੀਲੈਂਡ ਨਾਲ 2 ਟੈਸਟ ਮੈਚਾਂ ਦੀ ਸੀਰੀਜ਼ ਖੇਡੇਗੀ।

Gurdeep Singh

This news is Content Editor Gurdeep Singh