Tokyo Paralympics : ਭਾਵਿਨਾਬੇਨ ਪਟੇਲ ਨੇ ਚਾਂਦੀ ਦਾ ਤਮਗ਼ਾ ਜਿੱਤ ਕੇ ਰਚਿਆ ਇਤਿਹਾਸ

08/29/2021 11:13:11 AM

ਸਪੋਰਟਸ ਡੈਸਕ- ਟੋਕੀਓ ਪੈਰਾਲੰਪਿਕ 'ਚ ਭਾਰਤ ਨੂੰ ਪਹਿਲਾ ਤਮਗ਼ਾ ਮਿਲਿਆ ਹੈ। ਮਹਿਲਾ ਟੇਬਲ ਟੈਨਿਸ ਖਿਡਾਰੀ ਭਾਵਿਨਾਬੇਨ ਪਟੇਲ ਨੇ ਦੇਸ਼ ਨੂੰ ਚਾਂਦੀ ਦਾ ਤਮਗ਼ਾ ਦਿਵਾਇਆ ਹੈ। ਮਹਿਲਾ ਸਿੰਗਲ ਵਰਗ ਦੇ ਫਾਈਨਲ 'ਚ ਉਸ ਦਾ ਮੁਕਾਬਲਾ ਚੀਨ ਦੀ ਝੋਊ ਯਿੰਗ ਨਾਲ ਹੋਇਆ, ਜਿੱਥੇ ਉਸ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਪਰ ਉਹ ਆਪਣੇ ਪਹਿਲੇ ਹੀ ਪੈਰਾਲੰਪਿਕ 'ਚ ਚਾਂਦੀ ਦਾ ਤਮਗ਼ਾ ਜਿੱਤਣ 'ਚ ਸਫਲ ਰਹੀ।  ਝੋਊ ਯਿੰਗ ਨੇ ਪਹਿਲੀ ਗੇਮ 11-7 ਨਾਲ ਜਿੱਤ ਕੇ ਮੈਚ 'ਚ 1-0 ਦੀ ਬੜ੍ਹਤ ਬਣਾ ਲਈ ਸੀ। ਦੁਨੀਆ ਦੀ ਨੰਬਰ 1 ਖਿਡਾਰਨ ਝੋਊ ਯਿੰਗ ਨੇ ਆਪਣੇ ਬੈਕਹੈਂਡ ਸ਼ਾਟਸ ਨਾਲ ਭਾਰਤੀ ਪੈਡਲਰ ਨੂੰ ਪਰੇਸ਼ਾਨ ਕੀਤਾ ਤੇ ਬੜ੍ਹਤ ਲੈਣ 'ਚ ਸਫਲ ਰਹੀ। ਯਿੰਗ ਨੇ ਅਗਲੇ ਦੌਰ 'ਚ ਵੀ ਆਪਣਾ ਦਬਦਬਾ ਕਾਇਮ ਰੱਖਿਆ ਤੇ ਇਕ ਹੋਰ ਗੇਮ 11-5 ਨਾਲ ਜਿੱਤ ਲਈ। ਤੀਸਰੀ ਗੇਮ 'ਚ ਪਹਿਲੇ ਦੇ ਮੁਕਾਬਲੇ ਫਸਵਾਂ ਮੁਕਾਬਲਾ ਹੋਇਆ, ਪਰ ਚੀਨੀ ਪੈਡਲਰ ਨੇ ਖ਼ੁਦ ਨੂੰ ਸ਼ਾਂਤ ਰੱਖਿਆ ਤੇ ਮੈਚ ਜਿੱਤਣ ਵਿਚ ਸਫਲ ਰਹੀ।
ਇਹ ਵੀ ਪੜ੍ਹੋ : ਸਾਨੀਆ-ਮੈਕਹੇਲ ਕਲੀਵਲੈਂਡ ਓਪਨ ਦੇ ਫ਼ਾਈਨਲ 'ਚ

ਇਸ ਤੋਂ ਪਹਿਲਾਂ ਭਾਰਤੀ ਪੈਡਲਰ ਭਾਵਿਨਾਬੇਨ ਪਟੇਲ ਨੇ ਵਿਸ਼ਵ ਨੰਬਰ 3 ਖਿਡਾਰਨ ਨੂੰ ਹਰਾ ਕੇ ਫਾਈਨਲ 'ਚ ਥਾਂ ਬਣਾਈ ਸੀ। ਉਸ ਨੇ ਸ਼ਨੀਵਾਰ ਨੂੰ ਚੀਨ ਦੀ ਮਿਆਮੋ ਝਾਂਗ ਨੂੰ 7-11, 11-7, 11-4, 9-11, 11-8 ਨਾਲ ਹਰਾਇਆ ਸੀ। ਇਸ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਵਿਨਾ ਦੀ ਤਰੀਫ ਕੀਤੀ ਸੀ ਤੇ ਉਸ ਦਾ ਹੌਸਲਾ ਵਧਾਇਆ ਸੀ।
ਇਹ ਵੀ ਪੜ੍ਹੋ : ਨੀਰਜ ਚੋਪੜਾ ਦਾ ਵੱਡਾ ਸਨਮਾਨ, ਭਾਰਤੀ ਫ਼ੌਜ ਨੇ ਉਨ੍ਹਾਂ ਦੇ ਨਾਂ 'ਤੇ ਰੱਖਿਆ ਆਰਮੀ ਸਪੋਰਟਸ ਇੰਸਟੀਚਿਊਟ ਦਾ ਨਾਂ

ਭਾਵਿਨਾਬੇਨ ਪਟੇਲ ਨੂੰ 12 ਸਾਲ ਦੀ ਉਮਰ 'ਚ ਹੋ ਗਿਆ ਸੀ ਪੋਲੀਓ
ਭਾਵਿਨਾਬੇਨ ਪਟੇਲ ਫਿਲਹਾਲ 34 ਸਾਲ ਦੀ ਹੈ। 12 ਸਾਲ ਦੀ ਉਮਰ 'ਚ ਉਸ ਦੇ ਮਾਤਾ-ਪਿਤਾ ਨੂੰ ਪਤਾ ਚੱਲਿਆ ਸੀ ਕਿ ਬੇਟੀ ਨੂੰ ਪੋਲੀਓ ਹੋਇਆ ਹੈ। ਹਾਲਾਂਕਿ ਭਾਵਿਨਾਬੇਨ ਨੇ ਕਦੀ ਖ਼ੁਦ ਨੂੰ ਅਪਾਹਜ ਨਹੀਂ ਸਮਝਿਆ। ਟੋਕੀਓ ਪੈਰਾਲੰਪਿਕਸ ਦੇ ਕੁਆਰਟਰ ਫਾਈਨਲ ਮੈਚ 'ਚ ਉਸ ਨੇ ਸਰਬੀਆਈ ਮੁਕਾਬਲੇਬਾਜ਼ ਨੂੰ 18 ਮਿੰਟ ਤਕ ਚੱਲੇ ਮੈਚ 'ਚ 11-5, 11-6, 11-7 ਨਾਲ ਹਰਾਇਆ ਸੀ। ਇਸ ਜਿੱਤ ਤੋਂ ਬਾਅਦ ਭਾਵਿਨਾਬੇਨ ਨੇ ਕਿਹਾ ਸੀ, ਮੈਂ ਖ਼ੁਦ ਨੂੰ ਵਿਕਲਾਂਗ ਨਹੀਂ ਮੰਨਦੀ, ਮੈਨੂੰ ਹਮੇਸ਼ਾ ਵਿਸ਼ਵਾਸ ਰਿਹਾ ਕਿ ਮੈਂ ਕੁਝ ਕਰ ਸਕਦੀ ਹਾਂ ਤੇ ਇਹ ਵੀ ਸਾਬਿਤ ਕਰ ਦਿੱਤਾ ਕਿ ਅਸੀਂ ਪਿੱਛੇ ਨਹੀਂ ਹਾਂ ਤੇ ਪੈਰਾ ਟੇਬਲ ਟੈਨਿਸ ਹੋਰਨਾਂ ਖੇਡਾਂ ਦੀ ਤਰ੍ਹਾਂ ਅੱਗੇ ਹੈ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।

Tarsem Singh

This news is Content Editor Tarsem Singh