ਸੁਨੀਲ ਜ਼ੀਰਕਪੁਰ ਨੇ ਜਿੱਤੀ ਭਰਤਗੜ੍ਹ ਦੀ ਵੱਡੀ ਕੁਸ਼ਤੀ

08/29/2019 3:33:09 AM

ਸ੍ਰੀ ਕੀਰਤਪੁਰ ਸਾਹਿਬ (ਬਾਲੀ)- ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ, ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਤੇ ਸੱਚਖੰਡ ਵਾਸੀ ਸੰਤ ਬਾਬਾ ਅਜੀਤ ਸਿੰਘ ਜੀ ਹੰਸਾਲੀ ਵਾਲਿਆਂ ਦੀ ਮਿੱਠੀ ਯਾਦ ਨੂੰ ਸਮਰਪਿਤ, ਉਨ੍ਹਾਂ ਦੇ ਜਨਮ ਅਸਥਾਨ ਭਰਤਗੜ੍ਹ ਵਿਖੇ ਸੰਤ ਬਾਬਾ ਪਰਮਜੀਤ ਸਿੰਘ ਜੀ ਹੰਸਾਲੀ ਵਾਲਿਆਂ ਦੀ ਰਹਿਨੁਮਾਈ ਹੇਠ ਸ੍ਰੀ ਗੁਰੂ ਹਰਗਬਿੰਦ ਸਾਹਿਬ ਦੰਗਲ ਕਮੇਟੀ ਭਰਤਗੜ੍ਹ ਵੱਲੋਂ ਕਰਵਾਇਆ ਗਿਆ 3 ਰੋਜ਼ਾ ਕੌਮਾਂਤਰੀ ਦੰਗਲ ਸਮਾਪਤ ਹੋ ਗਿਆ।
 ਦੰਗਲ ਕਮੇਟੀ ਦੇ ਪ੍ਰਧਾਨ ਜਾਗਰ ਸਿੰਘ ਨੰਬਰਦਾਰ ਨੇ ਦੱਸਿਆ ਕਿ ਮਿੱਟੀ ’ਚ ਪੁਆਇੰਟਾਂ ਦੇ ਆਧਾਰ ’ਤੇ ਕਰਵਾਈਆਂ ਗਈਆਂ ਕੁਸ਼ਤੀਆਂ ਦੇ 65 ਕਿਲੋਗ੍ਰਾਮ ਭਾਰ ਵਰਗ ਦੇ ਜੇਤੂ ਪਹਿਲਵਾਨ ਨਵਜੋਤ ਸਿੰਘ ਜ਼ੀਰਕਪੁਰ ਨੂੰ 21 ਹਜ਼ਾਰ ਰੁਪਏ ਅਤੇ ਉਪ ਜੇਤੂ ਪ੍ਰਵੀਨ ਜ਼ੀਰਕਪੁਰ ਨੂੰ 11 ਹਜ਼ਾਰ ਰੁਪਏ, 75 ਕਿਲੋਗ੍ਰਾਮ ਭਾਰ ਵਰਗ ਦੇ ਜੇਤੂ ਪਹਿਲਵਾਨ ਅਦਿਤਯ ਨੂੰ 25 ਹਜ਼ਾਰ ਰੁਪਏ, ਉਪ ਜੇਤੂ ਵਿਸ਼ਾਲ  (ਖੰਨਾ) ਨੂੰ 15 ਹਜ਼ਾਰ ਰੁਪਏ, 85 ਕਿਲੋਗ੍ਰਾਮ ਭਾਰ ਸ਼੍ਰੇਣੀ ਦੇ ਜੇਤੂ ਪਹਿਲਵਾਨ ਸੰਦੀਪ ਖੰਨਾ ਨੂੰ 31 ਹਜ਼ਾਰ ਰੁਪਏ, ਸਾਹਿਲ ਪਟਿਆਲਾ ਨੂੰ 21 ਹਜ਼ਾਰ ਰੁਪਏ ਅਤੇ 85 ਕਿਲੋਗ੍ਰਾਮ ਤੋਂ ਵੱਧ ਭਾਰ ਸ਼੍ਰੇਣੀ ਦੇ ਜੇਤੂ ਪਹਿਲਵਾਨ ਸੁਨੀਲ ਜ਼ੀਰਕਪੁਰ ਨੂੰ 51 ਹਜ਼ਾਰ ਰੁਪਏ, ਉਪ ਜੇਤੂ ਵਿਰੇਸ਼ ਜ਼ੀਰਕਪੁਰ ਨੂੰ 31 ਹਜ਼ਾਰ ਰੁਪਏ ਨਕਦ ਇਨਾਮ ਅਤੇ ਗੁਰਜ ਭੇਟ ਕੀਤੇ ਗਏ। ਸੈਮੀਫਾਈਨਲ ਦੌਰਾਨ ਈਰਾਨ ਦੇ ਪਹਿਲਵਾਨ ਅਤੇ ਸੁਨੀਲ ਜ਼ੀਰਕਪੁਰ ਦੀ ਕੁਸ਼ਤੀ ਦਾ ਦਰਸ਼ਕਾਂ ਨੇ ਖੂਬ ਅਨੰਦ ਮਾਣਿਆ, ਜਿਸ ਵਿਚ ਸੁਨੀਲ ਜੇਤੂ ਰਿਹਾ।  ਇਸ ਮੌਕੇ ਪਦਮਸ਼੍ਰੀ ਕਰਤਾਰ ਸਿੰਘ, ਆਰ. ਐੱਸ. ਕੁੰਡੂ, ਪੀ. ਆਰ. ਸੋਂਧੀ, ਈਰਾਨ ਤੋਂ ਕੋਚ ਮੋਜੋਨ, ਰਜਿੰਦਰ ਸਿੰਘ ਗਰੇਵਾਲ, ਨਰਿੰਦਰ ਪੁਰੀ ਜ਼ਿਲਾ ਪ੍ਰੀਸ਼ਦ ਮੈਂਬਰ ਭਰਤਗੜ੍ਹ, ਯੋਗੇਸ਼ ਪੁਰੀ ਸਾਬਕਾ ਸਰਪੰਚ ਭਰਤਗੜ੍ਹ, ਸੁਖਦੀਪ ਸਿੰਘ ਰਾਣਾ ਸਰਪੰਚ ਭਰਤਗੜ੍ਹ, ਨੰਬਰਦਾਰ ਅਜੀਤ ਸਿੰਘ ਭਰਤਗੜ੍ਹ, ਪਰਮਿੰਦਰ ਸਿੰਘ ਢਿੱਲੋਂ, ਮੰਗਤ ਰਾਮ, ਗੁਰਨਾਮ ਸਿੰਘ ਝੱਜ, ਬਲਵੀਰ ਸਿੰਘ ਭੀਰੀ, ਜ਼ੈਲਦਾਰ ਸਤਵਿੰਦਰ ਸਿੰਘ , ਸੁਭਾਸ਼ ਮਲਿਕ ਪਟਿਆਲਾ, ਜਸਵਿੰਦਰ ਸਿੰਘ, ਸਿਕੰਦਰ ਸਿੰਘ, ਭੁਪਿੰਦਰ ਸਿੰਘ, ਯੋਗਿੰਦਰ ਸਿੰਘ ਪੀ.ਏ.ਪੀ. ਆਦਿ ਸਮੇਤ ਭਾਰੀ ਗਿਣਤੀ ’ਚ ਸੰਗਤਾਂ ਹਾਜ਼ਰ ਸਨ।

Gurdeep Singh

This news is Content Editor Gurdeep Singh