ਪਾਕਿ ਨੂੰ ਹਰਾ ਕੇ ਬੈਲਜੀਅਮ ਕੁਆਰਟਰ ਫਾਈਨਲ ''ਚ

12/12/2018 3:23:27 AM

ਭੁਵਨੇਸ਼ਵਰ- ਓਲੰਪਿਕ ਸਿਲਵਰ ਤਮਗਾ ਜੇਤੂ ਤੇ ਵਿਸ਼ਵ ਦੀ ਤੀਜੇ ਨੰਬਰ ਦੀ ਟੀਮ ਬੈਲਜੀਅਮ ਨੇ ਜ਼ਬਰਦਸਤ ਪ੍ਰਦਰਸ਼ਨ ਕਰਦੇ ਹੋਏ ਪਾਕਿਸਤਾਨ ਨੂੰ ਕਰਾਸ ਓਵਰ ਮੈਚ 'ਚ 5-0 ਨਾਲ ਹਰਾ ਕੇ ਹਾਕੀ ਵਿਸ਼ਵ ਕੱਪ ਟੂਰਨਾਮੈਂਟ ਦੇ ਕੁਆਰਟਰ ਫਾਈਨਲ 'ਚ ਜਗ੍ਹਾ ਬਣਾ ਲਈ। ਬੈਲਜੀਅਮ ਦਾ ਕੁਆਰਟਰ ਫਾਈਨਲ 'ਚ ਵਿਸ਼ਵ ਦੀ 6ਵੇਂ ਨੰਬਰ ਦੀ ਟੀਮ ਜਰਮਨੀ ਦੇ ਨਾਲ ਮੁਕਾਬਲਾ ਹੋਵੇਗਾ। 
ਬੈਲਜੀਅਮ ਪੂਲ-ਸੀ 'ਚ ਦੂਜੇ ਸਥਾਨ 'ਤੇ ਰਿਹਾ ਸੀ, ਜਦਕਿ ਪਾਕਿਸਤਾਨ ਦੀ ਟੀਮ ਪੂਲ-ਡੀ 'ਚ ਤੀਜੇ ਸਥਾਨ 'ਤੇ ਰਹੀ ਸੀ। ਟੂਰਨਾਮੈਂਟ ਫਾਰਮੈੱਟ ਅਨੁਸਾਰ ਹਰ ਪੂਲ ਦੀ ਟਾਪ ਟੀਮ ਨੂੰ ਸਿੱਧੇ ਕੁਆਰਟਰ ਫਾਈਨਲ 'ਚ ਪ੍ਰਵੇਸ਼ ਮਿਲਿਆ, ਜਦਕਿ ਦੂਜੇ ਅਤੇ ਤੀਜੇ ਸਥਾਨ 'ਤੇ ਰਹੀਆਂ ਟੀਮਾਂ ਨੂੰ ਕਰਾਸ ਓਵਰ ਮੈਚ ਤੋਂ ਗੁਜ਼ਰਨਾ ਪਿਆ। ਜਰਮਨੀ ਨੇ ਪੂਲ-ਡੀ 'ਚ ਸਾਰੇ 3 ਮੈਚ ਜਿੱਤ ਕੇ ਟਾਪ ਸਥਾਨ ਹਾਸਲ ਕੀਤਾ ਸੀ। ਬੈਲਜੀਅਮ ਨੂੰ ਹੁਣ ਕੁਆਰਟਰ ਫਾਈਨਲ 'ਚ ਜਰਮਨੀ ਨਾਲ ਲੋਹਾ ਲੈਣਾ ਹੈ। ਬੈਲਜੀਅਮ ਨੇ ਪਾਕਿਸਤਾਨ ੇਖਿਲਾਫ ਮੈਚ 'ਚ ਪੂਰੀ ਤਰ੍ਹਾਂ ਦਬਦਬਾ ਬਣਾਈ ਰੱਖਿਆ ਅਤੇ 4 ਵਾਰ ਦੀ ਸਾਬਕਾ ਵਿਸ਼ਵ ਚੈਂਪੀਅਨ ਟੀਮ ਨੂੰ ਵਾਪਸੀ ਕਰਨ ਦਾ ਕੋਈ ਮੌਕਾ ਨਹੀਂ ਦਿੱਤਾ। ਅਲੈਗਜੈਂਡਰ ਹੇਂਡਰਿਕਸ ਨੇ 10ਵੇਂ ਮਿੰਟ 'ਚ ਪੈਨਲਟੀ ਕਾਰਨਰ 'ਤੇ ਗੋਲ ਕਰ ਕੇ ਬੈਲਜੀਅਮ ਨੂੰ ਅੱਗੇ ਕੀਤਾ।
ਕਪਤਾਨ ਥਾਮਸ ਬ੍ਰਿਲਸ ਨੇ 13ਵੇਂ ਮਿੰਟ 'ਚ ਮੈਦਾਨੀ ਗੋਲ ਦਾਗਿਆ, ਜਦਕਿ ਸੇਡਰਿਕ ਚਾਰਲੀਅਰ ਨੇ 27ਵੇਂ ਮਿੰਟ 'ਚ ਗੋਲ ਕਰ ਕੇ ਬੈਲਜੀਅਮ ਨੂੰ 3-0 ਨਾਲ ਅੱਗੇ ਕਰ ਦਿੱਤਾ। ਮੈਚ ਦੇ 35ਵੇਂ ਮਿੰਟ 'ਚ ਸੇਬੇਸਟੀਅਨ ਡਾਕੀਅਰ ਨੇ ਬੈਲਜੀਅਮ ਦਾ ਚੌਥਾ ਗੋਲ ਕਰ ਕੇ ਪਾਕਿਸਤਾਨ ਦਾ ਬਚਿਆ ਸੰਘਰਸ਼ ਖਤਮ ਕਰ ਦਿੱਤਾ। ਟਾਮ ਬੂਨ ਨੇ 53ਵੇਂ ਮਿੰਟ 'ਚ ਪੈਨਲਟੀ ਸਟਰੋਕ 'ਤੇ ਬੈਲਜੀਅਮ ਦਾ 5ਵਾਂ ਗੋਲ ਦਾਗਿਆ ਅਤੇ ਇਸ ਦੇ ਨਾਲ ਹੀ ਓਲੰਪਿਕ ਸਿਲਵਰ ਜੇਤੂ ਟੀਮ ਨੇ ਕੁਆਰਟਰ ਫਾਈਨਲ 'ਚ ਜਗ੍ਹਾ ਬਣਾ ਲਈ।