ਟੀ-20 ਵਰਲਡ ਕੱਪ ਲਈ ਮੈਂ ਕੁਝ ਸੋਚਿਆ ਹੈ, ਕੋਹਲੀ ਅਤੇ ਸ਼ਾਸਤਰੀ ਨਾਲ ਕਰਾਂਗਾ ਸਾਂਝਾ : ਗਾਂਗੁਲੀ

12/05/2019 6:57:57 PM

ਕੋਲਕਾਤਾ : ਬੀ. ਸੀ. ਸੀ. ਆਈ. ਪ੍ਰਧਾਨ ਸੌਰਵ ਗਾਂਗੁਲੀ ਨੇ ਵੀਰਵਾਰ ਨੂੰ ਕਿਹਾ ਕਿ ਅਗਲੇ ਸਾਲ ਟੀ-20 ਵਰਲਡ ਕੱਪ ਲਈ ਜਾਣ ਵਾਲੀ ਭਾਰਤੀ ਟੀਮ ਦੇ ਸੰਬੰਧ ਵਿਚ ਉਸ ਨੇ ਕੁਝ ਸੋਚਿਆ ਹੈ, ਜਿਸ ਦੇ ਬਾਰੇ ਉਹ ਜਲਦੀ ਹੀ ਕਪਤਾਨ ਵਿਰਾਟ ਕੋਹਲੀ ਅਤੇ ਕੋਚ ਰਵੀ ਸ਼ਾਸਤਰੀ ਨਾਲ ਗੱਲਬਾਤ ਕਰਨਗੇ। ਭਾਰਤੀ ਟੀਮ ਵੈਸਟਇੰਡੀਜ਼ ਖਿਲਾਫ ਹੈਦਰਾਬਾਦ ਵਿਚ ਸ਼ੁੱਕਰਵਾਰ ਨੂੰ 3 ਮੈਚਾਂ ਦੀ ਟੀ-20 ਕੌਮਾਂਤਰੀ ਸੀਰੀਜ਼ ਖੇਡੇਗੀ।

ਗਾਂਗੁਲੀ ਨੇ ਇੱਥੇ ਸ਼ਰਮਿਸ਼ਠਾ ਗੁਪਟੂ ਦੀ ਕਿਤਾਬ ਰਿਲੀਜ਼ ਕਰਨ ਤੋਂ ਬਾਅਦ ਕਿਹਾ, ''ਜੇਕਰ ਅਸੀਂ ਟੀ-20 ਕ੍ਰਿਕਟ ਵਿਚ ਟੀਚੇ ਦਾ ਪਿੱਛਾ ਚੰਗੀ ਤਰ੍ਹਾਂ ਕਰ ਰਹੇ ਹਾਂ ਤਾਂ ਸਾਨੂੰ ਪਹਿਲਾਂ ਬੱਲੇਬਾਜ਼ੀ ਕਰਦਿਆਂ ਵੀ ਉਹੀ ਚੀਜ਼ਾਂ ਕਰਨੀਆਂ ਚਾਹੀਦੀਆਂ ਹਨ। ਮੈਂ ਕੁਝ ਸੋਚਿਆ ਹੈ ਜਿਸ ਨੂੰ ਵਿਰਾਟ, ਰਵੀ ਅਤੇ ਮੈਨੇਜਮੈਂਟ ਨਾਲ ਸਾਂਝਾ ਕਰਾਂਗਾ। ਅਸੀਂ ਜ਼ਿਆਦਾ ਟੀ-20 ਕੌਮਾਂਤਰੀ ਮੈਚ ਨਹੀਂ ਖੇਡੇ ਹਨ ਅਤੇ ਮੈਨੂੰ ਪੂਰਾ ਭਰੋਸਾ ਹੈ ਕਿ ਵਰਲਡ ਕੱਪ ਤਕ ਅਸੀਂ ਪੂਰੀ ਤਰ੍ਹਾਂ ਤਿਆਰ ਰਹਾਂਗੇ। ਟੀ-20 ਵਰਲਡ ਕੱਪ ਅਗਲੇ ਸਾਲ ਅਕਤੂਬਰ ਨਵੰਬਰ ਵਿਚ ਆਸਟਰੇਲੀਆ ਵਿਚ ਖੇਡਿਆ ਜਾਵੇਗਾ।

ਟੈਸਟ ਰੈਂਕਿੰਗ ਵਿਚ ਭਾਰਤ ਦੇ ਟਾਪ 'ਤੇ ਪਹੁੰਚਣ ਦੇ ਬਾਰੇ ਵਿਚ ਗੱਲਬਾਤ ਕਰਦਿਆਂ ਗਾਂਗੁਲੀ ਨੇ ਟੀਮ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਇਸ ਵਿਚ ਵਿਦੇਸ਼ਾਂ 'ਚ ਲਗਾਤਾਰ ਜਿੱਤ ਦਰਜ ਕਰਨ ਦੀ ਕਾਬਲੀਅਤ ਹੈ। ਸਾਬਕਾ ਕਪਤਾਨ ਨੇ ਕਿਹਾ, ''ਇਹੀ ਆਖਰੀ ਟੀਚਾ ਹੈ। ਅਸੀਂ ਪਿਛਲੇ ਸਾਲ ਆਸਟਰੇਲੀਆ ਵਿਚ ਚੰਗਾ ਕੀਤਾ ਹੈ। ਸਾਡੇ ਕੋਲ ਨਿਊਜ਼ੀਲੈਂਡ ਅਤੇ ਆਸਟਰੇਲੀਆ ਵਿਚ ਚੰਗਾ ਪ੍ਰਦਰਸ਼ਨ ਕਰਨ ਲਈ ਚੰਗੀ ਟੀਮ ਹੈ। ਇਹੀ ਸਾਡਾ ਟੀਚਾ ਹੈ ਕਿ ਇੰਡੀਆ ਦੁਨੀਆ ਦੀ ਸਰਵਸ੍ਰੇਸ਼ਠ ਟੈਸਟ ਟੀਮ ਬਣ ਜਾਵੇ।''