BCCI ਨੇ ਸਮਿਥ ਅਤੇ ਵਾਰਨਰ ਨੂੰ ਇਸ ਸਾਲ IPL ਤੋਂ ਕੀਤਾ ਬਾਹਰ

03/28/2018 4:46:00 PM

ਨਵੀਂ ਦਿੱਲੀ (ਭਾਸ਼ਾ)— ਬੀ.ਸੀ.ਸੀ.ਆਈ. ਨੇ ਗੇਂਦ ਨਾਲ ਛੇੜਛਾੜ ਦੇ ਮਾਮਲੇ 'ਚ ਦੋਸ਼ੀ ਸਟੀਵ ਸਮਿਥ ਅਤੇ ਡੇਵਿਡ ਵਾਰਨਰ 'ਤੇ ਇਸ ਸਾਲ ਇੰਡੀਅਨ ਪ੍ਰੀਮੀਅਰ ਲੀਗ 'ਚ ਪਾਬੰਦੀ ਲਗਾ ਦਿੱਤੀ ਹੈ। ਸਮਿਥ ਅਤੇ ਵਾਰਨਰ ਕ੍ਰਮਵਾਰ ਰਾਜਸਥਾਨ ਰਾਇਲਸ ਅਤੇ ਸਨਰਾਈਜ਼ਰਸ ਹੈਦਰਾਬਾਦ ਦੇ ਕਪਤਾਨ ਸਨ ਪਰ ਇਸ ਵਿਵਾਦ ਦੇ ਬਾਅਦ ਉਨ੍ਹਾਂ ਨੂੰ ਕਪਤਾਨੀ ਛੱਡਣੀ ਪਈ। 

ਕ੍ਰਿਕਟ ਆਸਟਰੇਲੀਆ ਦੀ ਪਾਬੰਦੀ ਦੇ ਬਾਅਦ ਬੀ.ਸੀ.ਸੀ.ਆਈ. ਨੇ ਵੀ ਦੋਹਾਂ ਨੂੰ ਆਈ.ਪੀ.ਐੱਲ. ਤੋਂ ਬਾਹਰ ਕਰ ਦਿੱਤਾ ਹੈ। ਆਈ.ਪੀ.ਐੱਲ. ਚੇਅਰਮੈਨ ਰਾਜੀਵ ਸ਼ੁਕਲਾ ਨੇ ਪੱਤਰਕਾਰਾਂ ਨੂੰ ਕਿਹਾ, ''ਕ੍ਰਿਕਟ ਆਸਟਰੇਲੀਆ ਨੇ ਦੋਹਾਂ ਖਿਡਾਰੀਆਂ 'ਤੇ ਪਾਬੰਦੀ ਲਗਾਈ ਹੈ ਅਤੇ ਅਸੀਂ ਵੀ ਇਸ ਸਾਲ ਦੋਹਾਂ ਨੂੰ ਆਈ.ਪੀ.ਐੱਲ. ਤੋਂ ਬਾਹਰ ਕਰ ਰਹੇ ਹਾਂ।'' ਉਨ੍ਹਾਂ ਕਿਹਾ, ''ਅਸੀਂ ਪਹਿਲਾਂ ਆਈ.ਸੀ.ਸੀ. ਦੇ ਫੈਸਲੇ ਦਾ ਇੰਤਜ਼ਾਰ ਕੀਤਾ। ਉਸ ਤੋਂ ਬਾਅਦ ਕ੍ਰਿਕਟ ਆਸਟਰੇਲੀਆ ਦੇ ਫੈਸਲਾ ਦਾ ਅਤੇ ਤਦ ਜਾ ਕੇ ਅਸੀਂ ਫੈਸਲਾ ਲਿਆ।'' ਸ਼ੁਕਲਾ ਨੇ ਕਿਹਾ, ''ਅਸੀਂ ਇਸ ਸੈਸ਼ਨ ਦੇ ਲਈ ਉਨ੍ਹਾਂ 'ਤੇ ਪਾਬੰਦੀ ਲਗਾਈ ਹੈ। ਦੋਹਾਂ ਟੀਮਾਂ ਨੂੰ ਬਦਲ (ਆਪਸ਼ਨਜ਼) ਦਿੱਤੇ ਜਾਣਗੇ। ਅਸੀਂ ਜਲਦਬਾਜ਼ੀ 'ਚ ਕੋਈ ਫੈਸਲਾ ਨਹੀਂ ਕੀਤਾ। ਇਹ ਸੋਚ ਸਮਝ ਕੇ ਲਿਆ ਗਿਆ ਫੈਸਲਾ ਹੈ।''