BCCI ਨੇ ਦਿੱਤੀ ਪਤਨੀਆਂ ਨੂੰ ਦੌਰੇ ''ਤੇ ਲਿਜਾਣ ਦੀ ਇਜਾਜ਼ਤ

10/17/2018 8:01:41 PM

ਨਵੀਂ ਦਿੱਲੀ : ਭਾਰਤੀ ਕਪਤਾਨ ਵਿਰਾਟ ਕੋਹਲੀ ਦੀ ਅਪੀਲ ਤੋਂ ਬਾਅਦ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ. ਆਈ.) ਨੇ ਆਪਣੇ ਨਿਯਮਾਂ ਵਿਚ ਬਦਲਾਅ ਕਰਦੇ ਹੋਏ ਰਾਸ਼ਟਰੀ ਟੀਮ ਦੇ ਕ੍ਰਿਕਟਰਾਂ ਦੀਆਂ ਪਤਨੀਆਂ ਤੇ ਪ੍ਰੇਮਿਕਾਵਾਂ ਨੂੰ ਉਨ੍ਹਾਂ ਦੇ ਵਿਦੇਸ਼ ਦੌਰੇ 'ਤੇ ਜਾਣ ਦੀ ਇਜਾਜ਼ਤ ਦੇ ਦਿੱਤੀ ਹੈ। 

ਮੀਡੀਆ ਰਿਪੋਰਟਸ ਅਨੁਸਾਰ ਬੀ. ਸੀ. ਸੀ. ਆਈ. ਦਾ ਸੰਚਾਲਨ ਕਰ ਰਹੀ ਪ੍ਰਸ਼ਾਸਕਾਂ ਦੀ ਕਮੇਟੀ (ਸੀ. ਓ. ਏ.) ਨੇ ਭਾਰਤੀ ਖਿਡਾਰੀਆਂ ਨੂੰ ਉਨ੍ਹਾਂ ਦੀਆਂ ਪਤਨੀਆਂ ਅਤੇ ਪ੍ਰੇਮਿਕਾਵਾਂ ਨੂੰ ਦੌਰੇ 'ਤੇ ਲਿਜਾਣ ਦੀ ਇਜਾਜ਼ਤ ਦੇ ਦਿੱਤੀ ਹੈ। ਹਾਲਾਂਕਿ ਇਹ ਛੋਟ ਕਿਸੇ ਵਿਦੇਸ਼ ਦੌਰੇ ਦੇ ਸ਼ੁਰੂ ਹੋਣ ਤੋਂ 10 ਦਿਨਾਂ ਬਾਅਦ ਸ਼ੁਰੂ ਹੋਵੇਗੀ। ਉਸ ਤੋਂ ਬਾਅਦ ਦੌਰੇ ਦੀ ਸਮਾਪਤੀ ਤੱਕ ਪਤਨੀਆਂ ਤੇ ਪ੍ਰੇਮਿਕਾਵਾਂ ਖਿਡਾਰੀਆਂ ਦੇ ਨਾਲ ਰਹਿ ਸਕਦੀਆਂ ਹਨ। 

ਹਾਲ ਹੀ ਵਿਚ ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਬੀ. ਸੀ. ਸੀ. ਆਈ. ਨੂੰ ਪਤਨੀਆਂ ਨੂੰ ਦੌਰੇ 'ਤੇ ਲਿਜਾਣ ਦੇ ਨਿਯਮ ਵਿਚ ਬਦਲਾਅ ਕਰਨ ਲਈ ਕਿਹਾ ਸੀ। ਪਹਿਲੇ ਨਿਯਮ ਅਨੁਸਾਰ ਖਿਡਾਰੀ ਆਪਣੀਆਂ ਪਤਨੀਆਂ ਸਿਰਫ 2 ਹਫਤਿਆਂ ਲਈ ਹੀ ਆਪਣੇ ਨਾਲ ਰੱਖ ਸਕਦੇ ਸਨ। ਸੀ. ਓ. ਏ. ਦੀ ਇਸ ਨਿਯਮ ਨੂੰ ਲਾਗੂ ਕਰਨ ਪਿੱਛੇ ਦਲੀਲ ਸੀ ਕਿ ਪਰਿਵਾਰਾਂ ਦੇ ਦੂਰ ਰਹਿਣ ਨਾਲ ਖ਼ਿਡਾਰੀ ਆਪਣੇ ਪ੍ਰਦਰਸ਼ਨ 'ਤੇ ਜ਼ਿਆਦਾ ਧਿਆਨ ਦੇ ਸਕਣਗੇ। ਭਾਰਤੀ ਟੀਮ ਦਾ ਵਿਦੇਸ਼ ਦੌਰੇ ਵਿਚ ਪ੍ਰਦਰਸ਼ਨ ਆਮ ਤੌਰ 'ਤੇ ਨਿਰਾਸ਼ਾਜਨਕ ਰਹਿੰਦਾ ਹੈ। ਇਹ ਵੀ ਇਸ ਨਿਯਮ ਦੀ ਇਕ ਵੱਡੀ ਵਜ੍ਹਾ ਸੀ। 

ਜ਼ਿਕਰਯੋਗ ਹੈ ਕਿ ਸਾਲ 2015 ਵਿਚ ਕ੍ਰਿਕਟ ਆਸਟਰੇਲੀਆ (ਸੀ. ਏ.) ਦੇ ਮੁੱਖ ਕਾਰਜਕਾਰੀ ਜੇਮਸ ਸਦਰਲੈਂਡ ਨੇ ਵੀ ਇਸੇ ਤਰ੍ਹਾਂ ਦਾ ਫੈਸਲਾ ਆਸਟਰੇਲੀਆਈ ਖਿਡਾਰੀਆਂ ਲਈ ਜਾਰੀ ਕੀਤਾ ਸੀ। ਇਸ ਤੋਂ ਬਾਅਦ ਸੀ. ਓ. ਏ. ਨੇ ਵੀ ਇਸ ਤਰ੍ਹਾਂ ਦੇ ਨਿਯਮ ਨੂੰ ਲਾਗੂ ਕੀਤਾ ਸੀ।