ਗਾਂਗੁਲੀ ਦੇ ਕਾਰਜਕਾਲ ਨੂੰ ਵਧਾਉਣ ਦੀ ਤਿਆਰੀ ''ਚ BCCI, ਬਦਲੇ ਜਾਣਗੇ ਬੋਰਡ ਦੇ ਨਿਯਮ

11/26/2019 3:10:51 PM

ਨਵੀਂ ਦਿੱਲੀ : ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ. ਆਈ.) ਦੀ ਆਗਾਮੀ ਸਾਲਾਨਾ ਬੈਠਕ (ਏ. ਜੀ. ਐੱਮ.) ਵਿਚ ਅਧਿਕਾਰੀਆਂ ਦੇ 70 ਸਾਲ ਦੀ ਉਮਰ ਸੀਮਾ 'ਚ ਬਦਲਾਅ ਦੇ ਬਾਰੇ ਵਿਚਾਰ ਨਹੀਂ ਕੀਤਾ ਜਾਵੇਗਾ ਪਰ ਕੂਲਿੰਗ ਆਫ (2 ਕਾਰਜਕਾਲ ਤੋਂ ਬਾਅਦ ਆਰਾਮ ਦਾ ਸਮਾਂ) ਦੇ ਨਿਯਮ ਨੂੰ ਬਦਲਣ 'ਤੇ ਵਿਚਾਰ ਕੀਤਾ ਜਾਵੇਗਾ। ਕਿਉਂਕਿ ਅਸ ਨਾਲ ਅਧਿਕਾਰੀਆਂ ਦੇ ਤਜ਼ਰਬੇ ਦਾ ਸਹੀ ਫਾਇਦਾ ਹੋਵੇਗਾ। ਬੋਰਡ ਦੀ ਐਤਵਾਰ ਨੂੰ ਹੋਣ ਵਾਲੀ ਏ. ਜੀ. ਐੱਮ. ਤੋਂ ਪਹਿਲਾਂ ਖਜ਼ਾਨਚੀ ਅਰੁਣ ਧੂਮਲ ਨੇ ਅਜਿਹਾ ਕਿਹਾ ਹੈ।

ਸੌਰਵ ਗਾਂਗੁਲੀ ਦੇ ਪ੍ਰਧਾਨ ਬਣਨ ਤੋਂ ਬਾਅਦ ਪਹਿਲੀ ਏ. ਜੀ. ਐੱਮ. ਲਈ ਜਾਰੀ ਕਾਰਜਸੂਚੀ ਵਿਚ ਬੋਰਡ ਨੇ ਮੌਜੂਦਾ ਸੰਵਿਧਾਨ ਵਿਚ ਮਹੱਤਵਪੂਰਨ ਬਦਲਾਅ ਕਰਨ ਦੀ ਪੇਸ਼ਕਸ਼ ਦਿੱਤੀ ਹੈ ਜਿਸ ਨਾਲ ਸੁਪਰੀਮ ਕੋਰਟ ਵੱਲੋਂ ਨਿਯੁਕਤ ਲੋਢਾ ਕਮੇਟੀ ਦੀ ਸਿਫਾਰਿਸ਼ਾਂ 'ਤੇ ਆਧਾਰਿਤ ਸੁਧਾਰਾਂ 'ਤੇ ਅਸਰ ਪਵੇਗਾ। ਸੁਪਰੀਮ ਕੋਰਟ ਵੱਲੋਂ ਮਨਜ਼ੂਰ ਨਵੇਂ ਕਾਨੂੰਨ ਮੁਤਾਬਕ ਬੀ. ਸੀ. ਸੀ. ਆਈ. ਜਾਂ ਸੂਬਾ ਸੰਘਾਂ ਵਿਚ 3 ਸਾਲ ਦੇ ਕਾਰਜਕਾਲ ਨੂੰ 2 ਵਾਰ ਪੂਰਾ ਕਰਨ ਵਾਲੇ ਅਧਿਕਾਰੀ ਨੂੰ 3 ਸਾਲ ਤਕ 'ਕੂਲਿੰਗ ਆਫ ਪੀਰੀਅਡ' ਵਿਚ ਰਹਿਣਾ ਹੋਵੇਗਾ।

ਬੋਰਡ ਅਤੇ ਸੂਬਾ ਸੰਘਾਂ ਦੇ ਕਾਰਜਕਾਲ ਨੂੰ ਇਕੱਠੇ ਨਹੀਂ ਜੋਣਨਾ ਚਾਹੀਦੈ

ਬੀ. ਸੀ. ਸੀ. ਆਈ. ਦੇ ਨਵੇਂ ਅਧਿਕਾਰੀ ਚਾਹੁੰਦੇ ਹਨ ਕਿ 'ਕੂਲਿੰਗ ਆਫ ਪੀਰੀਅਡ' ਦਾ ਨਿਯਮ ਉਨ੍ਹਾਂ ਲੋਕਾਂ 'ਤੇ ਲਾਗੂ ਹੋਵੇ, ਜਿਨ੍ਹਾਂ ਨੇ ਬੋਰਡ ਜਾਂ ਸੂਬਾ ਸੰਘ ਵਿਚ 3-3 ਸਾਲ ਦੇ 2 ਕਾਰਜਕਾਲ ਪੂਰੇ ਕੀਤੇ ਹੋਣ। ਮਤਲਬ ਬੋਰਡ ਅਤੇ ਸੂਬਾ ਸੰਘ ਦੇ ਕਾਰਜਕਾਲ ਨੂੰ ਇਕੱਠੇ ਨਹੀਂ ਜੋੜਨਾ ਚਾਹੀਦੈ। ਧੂਮਲ ਨੇ ਮੀਡੀਆ ਨੂੰ ਕਿਹਾ, ''ਅਸੀਂ ਉਮਰ ਦੀ ਸੀਮਾਂ ਵਿਚ ਕੋਈ ਬਦਲਾਅ ਨਹੀਂ ਕੀਤਾ ਹੈ। ਉਸ ਨੂੰ ਪਹਿਲਾਂ ਦੀ ਤਰ੍ਹਾਂ ਰਹਿਣ ਦਿੱਤਾ ਹੈ। ਕੂਲਿੰਗ ਆਫ ਪੀਰੀਅਡ ਦੇ ਮਾਮਲੇ ਵਿਚ ਸਾਡਾ ਮੰਨਣਾ ਇਹ ਹੈ ਕਿ ਜੇਕਰ ਕਿਸੇ ਨੇ ਸੂਬਾ ਸੰਘ ਵਿਚ ਕੰਮ ਦਾ ਤਜ਼ਰਬਾ ਹਾਸਲ ਕੀਤਾ ਹੈ ਤਾਂ ਉਸ ਤਜ਼ਰਬੇ ਦਾ ਫਾਇਦਾ ਖੇਡ ਦੇ ਹਿੱਤ ਵਿਚ ਹੋਣਾ ਚਾਹੀਦਾ ਹੈ। ਜੇਕਰ ਉਹ ਬੀ. ਸੀ. ਸੀ. ਆਈ. ਲਈ ਯੋਗਦਾਨ ਦੇ ਸਕਦਾ ਹੈ ਤਾਂ ਉਸ ਨੂੰ ਅਜਿਹਾ ਕਰਨਾ ਚਾਹੀਦਾ ਹੈ। ਸੂਬਾ ਸੰਘ ਵਿਚ 2 ਕਾਰਜਕਾਲ ਪੂਰਨ ਕਰਨ ਤੋਂ ਬਾਅਧ ਜੇਕਰ ਕਿਸੇ ਦਾ ਕੂਲਿੰਗ ਆਫ ਪੀਰੀਅਡ 67 ਸਾਲ ਦੀ ਉਮਰ ਵਿਚ ਸ਼ੁਰੂ ਹੁੰਦਾ ਹੈ ਤਾਂ ਇਸ ਅੰਤਰਾਲ ਦੇ ਖਤਮ ਹੋਣ ਤਕ ਉਹ 70 ਸਾਲ ਦਾ ਹੋ ਜਾਵੇਗਾ ਅਤੇ ਬੀ. ਸੀ. ਸੀ. ਆਈ. ਲਈ ਯੋਗਦਾਨ ਨਹੀਂ ਦੇ ਸਕੇਗਾ। ਬੀ. ਸੀ. ਸੀ. ਆਈ. ਚਾਹੁੰਦਾ ਹੈ ਕਿ ਪ੍ਰਧਾਨ ਅਤੇ ਸਕੱਤਰ ਨੂੰ ਕੂਲਿੰਗ ਆਫ ਪੀਰੀਅਡ ਤੋਂ ਪਹਿਲਾਂ ਲਗਾਤਾਰ 2 ਕਾਰਜਕਾਲ, ਜਦਕਿ ਖਜ਼ਾਨਚੀ ਅਤੇ ਹੋਰ ਅਧਿਕਾਰੀਆਂ ਨੂੰ 3 ਕਾਰਜਕਾਲ ਮਿਲਣੇ ਚਾਹੀਦੇ ਹਨ।