ਬੀ. ਸੀ. ਸੀ. ਆਈ. ਨੇ ਰਣਜੀ ਤੇ ਵਿਜੇ ਹਜ਼ਾਰੇ ਟੂਰਨਾਮੈਂਟਾਂ ਲਈ ਸੂਬਾ ਸੰਘਾਂ ਤੋਂ ਮੰਗੇ ਸੁਝਾਅ

01/30/2021 12:41:27 PM

ਮੁੰਬਈ— ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ. ਆਈ.) ਨੇ ਸਈਅਦ ਮੁਸ਼ਤਾਕ ਅਲੀ ਟੀ-20 ਟੂਰਨਾਮੈਂਟ ਦੀ ਤਰ੍ਹਾਂ ਹੁਣ ਸੂਬਾ ਸੰਘਾਂ ਤੋਂ ਰਣਜੀ ਟਰਾਫ਼ੀ ਟੂਰਨਾਮੈਂਟ ਤੇ ਵਿਜੇ ਹਜਾਰੇ ਟਰਾਫ਼ੀ ਟੂਰਨਾਮੈਂਟ ਆਯੋਜਨ ਲਈ ਸੂਬਾ ਸੰਘਾਂ ਤੋਂ ਸੁਝਾਅ ਮੰਗੇ ਹਨ। ਸਈਅਦ ਮੁਸ਼ਤਾਕ ਅਲੀ ਟਰਾਫ਼ੀ ਦਾ ਕੋਰੋਨਾ ਕਾਲ ਦੇ ਸਮੇਂ ਸਫਲ ਆਯੋਜਨ ਹੋਇਆ ਹੈ ਤੇ ਹੁਣ 31 ਜਨਵਰੀ ਨੂੰ ਇਸ ਦੇ ਫ਼ਾਈਨਲ ਦਾ ਆਯੋਜਨ ਅਹਿਮਦਾਬਾਦ ਦੇ ਨਵੇਂ ਬਣੇ ਸਰਦਾਰ ਪਟੇਲ ਸਟੇਡੀਅਮ ’ਚ ਹੋਣਾ ਹੈ। ਬੀ. ਸੀ. ਸੀ. ਆਈ. ਨੇ ਘਰੇਲੂ ਸੈਸ਼ਨ ਦੀ ਸ਼ੁਰੂਆਤ ਲਈ ਸੂਬਾ ਸੰਘਾਂ ਤੋਂ ਸੁਝਾਅ ਮੰਗੇ ਸਨ ਤੇ ਸਾਰੇ ਸੂਬਾ ਸੰਘਾਂ ਨੇ ਸਰਬਸੰਮਤੀ ਨਾਲ ਸੁਝਾਅ ਦਿੱਤਾ ਸੀ ਕਿ ਪਹਿਲਾਂ ਮੁਸ਼ਤਾਕ ਅਲੀ ਟੂਰਨਾਮੈਂਟ ਦਾ ਆਯੋਜਨ ਹੋਵੇ।

ਬੀ. ਸੀ. ਸੀ. ਆਈ. ਨੂੰ ਹੁਣ ਇਹ ਤੈਅ ਕਰਨਾ ਹੈ ਕਿ ਜਨਵਰੀ ਦੇ ਅੰਤ ਦੇ ਬਾਅਦ ਕਿਸ ਟੂਰਨਾਮੈਂਟ ਦਾ ਆਯੋਜਨ ਕਰਨਾ ਹੈ। ਕਈ ਸੂਬਾ ਸੰਘਾਂ ਨੇ ਦੱਸਿਆ ਕਿ ਬੀ. ਸੀ. ਸੀ. ਆਈ. ਨੇ ਉਨ੍ਹਾਂ ਤੋਂ ਸੰਪਰਕ ਕਰਕੇ ਸੁਝਾਅ ਮੰਗੇ ਹਨ ਕਿ ਮੁਸ਼ਤਾਕ ਅਲੀ ਦੇ ਬਾਅਦ ਕਿਸ ਟੂਰਨਾਮੈਂਟ ਦਾ ਆਯੋਜਨ ਕੀਤਾ ਜਾਵੇ। ਜ਼ਿਆਦਾਤਰ ਸੂਬਿਆਂ ਦੇ ਸੰਘਾਂ ਦਾ ਮੰਨਣਾ ਹੈ ਕਿ ਵਿਜੇ ਹਜ਼ਾਰੇ ਦਾ ਆਯੋਜਨ ਕੀਤਾ ਜਾਵੇ ਕਿਉਂਕਿ ਸੀਮਿਤ ਸਮੇਂ ’ਚ ਰਣਜੀ ਦਾ ਆਯੋਜਨ ਕਰਨਾ ਮੁਸ਼ਕਲ ਹੋਵੇਗਾ।

ਮੁੰਬਈ ਕ੍ਰਿਕਟ ਸੰਘ ਦੀ ਤਜਰੀਹ ’ਚ ਵਿਜੇ ਹਜ਼ਾਰੇ ਟਰਾਫ਼ੀ ਹੈ। ਇਸ ਸੰਦਰਭ ’ਚ ਰਾਸ਼ਟਰੀ ਚੋਣ ਕਮੇਟੀ ਤੇ ਉਸ ਦੇ ਪ੍ਰਧਾਨ ਚੇਤਨ ਸ਼ਰਮਾ ਦੀ ਵੀ ਰਾਏ ਮੰਗੀ ਗਈ ਹੈ ਜਿਨ੍ਹਾਂ ਨੇ ਆਪਣੇ ਸਹਿਯੋਗੀਆਂ ਤੋਂ ਸਲਾਹ ਮੰਗੀ ਹੈ। ਆਈ. ਪੀ. ਐੱਲ. ਦੇ 14ਵੇਂ ਸੈਸ਼ਨ ਦਾ ਆਚੋਜਨ ਹੋਣਾ ਹੈ ਤੇ ਇਸ ਦੌਰਾਨ ਬੀ. ਸੀ. ਸੀ. ਆਈ. ਦੇ ਕੋਲ ਦੋ ਮਹੀਨਿਆਂ ਦਾ ਸਮਾਂ ਬੱਚਿਆ ਹੈ ਜਿਸ ’ਚ ਉਹ ਘਰੇਲੂ ਟੂਰਨਾਮੈਂਟ ਦਾ ਆਯੋਜਨ ਕਰਨਾ ਚਾਹੁੰਦਾ ਹੈ। ਬੀ. ਸੀ. ਸੀ. ਆਈ. ਦੇ ਪ੍ਰਧਾਨ ਸੌਰਭ ਗਾਂਗੁਲੀ ਇਸ ਦੌਰਾਨ ਰਣਜੀ ਟਰਾਫ਼ੀ ਕਰਾਉਣ ਦੇ ਪੱਖ ’ਚ ਹਨ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।    

Tarsem Singh

This news is Content Editor Tarsem Singh