ਮੁਆਵਜ਼ਾ ਮਾਮਲੇ ''ਚ ਦੁਬਈ ਦੀ ਫਰਮ ਅਤੇ ਬ੍ਰਿਟਿਸ਼ ਵਕੀਲ ਦੀ ਸੇਵਾਵਾਂ ਲਵੇਗਾ BCCI

09/19/2018 9:35:11 AM

ਨਵੀਂ ਦਿੱਲੀ— ਭਾਰਤ ਦੇ ਏਸ਼ੀਆ ਕੱਪ 'ਚ ਪਾਕਿਸਤਾਨ ਨਾਲ ਮੁਕਾਬਲੇ ਦੇ ਇਕ ਦਿਨ ਪਹਿਲਾਂ ਬੀ.ਸੀ.ਸੀ.ਆਈ. ਨੇ ਪੀ.ਸੀ.ਬੀ. ਦੇ ਮੁਆਵਜ਼ੇ ਦਾਅਵੇ ਦੇ ਸਬੰਧ 'ਚ ਅਗਲੇ ਮਹੀਨੇ ਹੋਣ ਵਾਲੀ ਆਈ.ਸੀ.ਸੀ. ਦੀ ਸੁਣਵਾਈ ਲਈ ਦੁਬਈ ਸਥਿਤ ਫਰਮ ਅਤੇ ਬ੍ਰਿਟਿਸ਼ ਵਕੀਲ ਦੀਆਂ ਸੇਵਾਵਾਂ ਲੈ ਕੇ ਪਾਕਿਸਤਾਨ ਕ੍ਰਿਕਟ ਬੋਰਡ ਦੇ ਨਾਲ ਮੈਦਾਨ ਦੇ ਬਾਹਰ ਦੀ ਜੰਗ ਲਈ ਆਪਣੀ ਤਿਆਰੀਆਂ ਨੂੰ ਪੁਖਤਾ ਅੰਜਾਮ ਦਿੱਤਾ। ਪਾਕਿਸਤਾਨ ਨੇ 2015 ਤੋਂ ਲੈ ਕੇ 2023 ਤੱਕ 6 ਦੋ ਪੱਖੀ ਸੀਰੀਜ਼ ਖੇਡਣ ਦਾ ਸਮਝੌਤਾ ਹੋਣ ਦੇ ਬਾਵਜੂਦ ਭਾਰਤ ਦੇ ਦੋ ਪੱਖੀ ਕ੍ਰਿਕਟ ਨਾ ਖੇਡਣ ਨਾਲ ਨੁਕਸਾਨ ਦੇ ਤੌਰ 'ਤੇ 447 ਕਰੋੜ ਰੁਪਏ ਦੇ ਮੁਆਵਜ਼ੇ ਦਾ ਦਾਅਵਾ ਕੀਤਾ ਹੈ। 

ਬੀ.ਸੀ.ਸੀ.ਆਈ. ਨੇ ਕਿਹਾ ਕਿ ਉਹ ਕਰਾਰ ਨੂੰ ਮੰਨਣ ਲਈ ਮਜਬੂਰ ਨਹੀਂ ਹੈ ਅਤੇ ਪਾਕਿਸਤਾਨ ਦਸਤਾਵੇਜ਼ਾਂ 'ਚ ਕੀਤੀਆਂ ਗਈਆਂ ਵਚਨਬੱਧਤਾਵਾਂ ਦੀ ਪਾਲਣਾ ਕਰਨ 'ਚ ਅਸਫਲ ਰਿਹਾ ਹੈ। ਆਈ.ਸੀ.ਸੀ. ਦੀ ਇਸ ਮਾਮਲੇ 'ਚ ਸੁਣਵਾਈ ਇਕ ਤੋਂ ਤਿੰਨ ਅਕਤੂਬਰ ਵਿਚਾਲੇ ਹੋਵੇਗੀ। ਬੀ.ਸੀ.ਸੀ.ਆਈ. ਦੇ ਸੀਨੀਅਰ ਅਧਿਕਾਰੀ ਨੇ ਮੰਗਲਵਾਰ ਨੂੰ ਪੱਤਰਕਾਰਾਂ ਨੂੰ ਕਿਹਾ, ''ਬੀ.ਸੀ.ਸੀ.ਆਈ. ਵਿਵਾਦ ਹੱਲ ਕਮੇਟੀ ਦੀ ਸੁਣਵਾਈ 'ਚ ਆਪਣਾ ਮਾਮਲਾ ਰੱਖਣ ਲਈ ਬ੍ਰਿਟਿਸ਼ ਵਕੀਲ ਕਿਊਸੀ ਇਆਨ ਮਿਲਸ ਦੇ ਇਲਾਵਾ ਦੁਬਈ ਸਥਿਤ ਫਰਮ ਹਰਬਰਟ ਸਮਿਥ ਫ੍ਰੀਹਿਲਸ ਦੀਆਂ ਸੇਵਾਵਾਂ ਲਵੇਗਾ। ਇਹ ਸੁਣਵਾਈ ਦੁਬਈ 'ਚ ਹੋਵੇਗੀ ਅਤੇ ਇਸ ਲਈ ਸਾਨੂੰ ਦੁਬਈ ਸਥਿਤ ਫਰਮ ਦੀ ਜ਼ਰੂਰਤ ਸੀ। ਇਸ ਤੋਂ ਇਲਾਵਾ ਆਈ.ਸੀ.ਸੀ. ਬ੍ਰਿਟਿਸ਼ ਕਾਨੂੰਨਾਂ ਦੀ ਪਾਲਣਾ ਕਰਦੀ ਹੈ, ਇਸ ਲਈ ਕਿਊਸੀ ਇਆਨ ਮਿਲਸ ਨੂੰ ਵੀ ਲਿਆ ਗਿਆ ਹੈ। ਅਸੀਂ ਅੰਤ ਤੱਕ ਇਹ ਮਾਮਲਾ ਲੜਾਂਗੇ।''