BCCI ਨੇ ਖਿਡਾਰੀਆਂ ਦੇ ਕੇਂਦਰੀ ਕਰਾਰ ਨੂੰ ਆਖ਼ਰਕਾਰ ਦਿੱਤੀ ਮਨਜ਼ੂਰੀ

06/22/2018 4:24:06 PM

ਨਵੀਂ ਦਿੱਲੀ— ਭਾਰਤੀ ਕ੍ਰਿਕਟਰਾਂ ਦੇ ਕੇਂਦਰੀ ਕਰਾਰਾਂ ਨੂੰ ਆਖ਼ਰਕਾਰ ਬੀ.ਸੀ.ਸੀ.ਆਈ. ਨੇ ਅੱਜ ਆਮ ਸਭਾ ਦੀ ਵਿਸ਼ੇਸ਼ ਬੈਠਕ 'ਚ ਮਨਜ਼ੂਰੀ ਦੇ ਦਿੱਤੀ ਜਿਸ ਨਾਲ ਬ੍ਰਿਟੇਨ ਦੇ ਲੰਬੇ ਸਮੇਂ ਦੇ ਦੌਰੇ ਤੋਂ ਪਹਿਲਾਂ ਬੇਯਕੀਨੀ ਦਾ ਦੌਰ ਵੀ ਖਤਮ ਹੋ ਗਿਆ। ਸੁਪਰੀਮ ਕੋਰਟ ਵੱਲੋਂ ਨਿਯੁਕਤ ਪ੍ਰਸ਼ਾਸਕਾਂ ਦੀ ਕਮੇਟੀ ਨੇ 7 ਮਾਰਚ ਨੂੰ ਖਿਡਾਰੀਆਂ ਦੇ ਸੋਧੇ ਹੋਏ ਕਰਾਰਾਂ ਦਾ ਐਲਾਨ ਕੀਤਾ ਸੀ ਪਰ ਬੋਰਡ ਦੇ ਕਾਰਜਵਾਹਕ ਸਕੱਤਰ ਅਮਿਤਾਭ ਚੌਧਰੀ ਨੇ ਇਹ ਕਹਿ ਕੇ ਹਸਤਾਖਰ ਕਰਨ ਤੋਂ ਇਨਕਾਰ ਕਰ ਦਿੱਤਾ ਸੀ ਕਿ ਇਸ ਨੂੰ ਆਮ ਸਭਾ ਦੀ ਮਨਜ਼ੂਰੀ ਦੀ ਜ਼ਰੂਰਤ ਹੈ। ਅੱਜ ਹੋਈ ਬੈਠਕ 'ਚ 28 ਰਾਜ ਸੰਘਾਂ ਦੇ ਨੁਮਾਇੰਦੇ ਮੌਜੂਦ ਸਨ ਜਿਸ 'ਚ ਕਰਾਰਾਂ ਨੂੰ ਮਨਜ਼ੂਰੀ ਦੇ ਦਿੱਤੀ ਗਈ। 

ਚੌਧਰੀ ਨੇ ਕਿਹਾ, ''ਖਦਸ਼ਿਆਂ ਦੇ ਬਾਵਜੂਦ ਅੱਜ ਐੱਸ.ਜੀ.ਐੱਮ. ਹੋਈ। ਆਮ ਸਭਾ ਨੇ ਸਰਬਸੰਮਤੀ ਨਾਲ ਸਾਰੇ ਪ੍ਰਸਤਾਵ ਪਾਸ ਕਰ ਦਿੱਤੇ।'' ਹੁਣ ਇਹ ਤੈਅ ਹੋ ਗਿਆ ਹੈ ਕਿ ਖਿਡਾਰੀਆਂ ਨੂੰ ਬ੍ਰਿਟੇਨ ਦੌਰੇ ਤੋਂ ਪਹਿਲਾਂ ਭੁਗਤਾਨ ਹੋ ਜਾਵੇਗਾ। ਭਾਰਤੀ ਟੀਮ ਅੱਜ ਰਵਾਨਾ ਹੋ ਗਈ ਹੈ। ਸੋਧੇ ਹੋਏ ਕਾਂਟਰੈਕਟਜ਼ ਦੇ ਤਹਿਤ ਏ ਪਲੱਸ ਸ਼੍ਰੇਣੀ ਦੇ ਕ੍ਰਿਕਟਰਾਂ ਨੂੰ 7 ਕਰੋੜ ਰੁਪਏ, ਏ ਬੀ ਅਤੇ ਸੀ ਸ਼੍ਰੇਣੀ 'ਚ ਕ੍ਰਮਵਾਰ ਪੰਜ ਕਰੋੜ, ਤਿੰਨ ਕਰੋੜ ਅਤੇ ਇਕ ਕਰੋੜ ਰੁਪਏ ਦਿੱਤੇ ਜਾਣਗੇ। ਆਮ ਸਭਾ ਨੇ ਘਰੇਲੂ ਕ੍ਰਿਕਟਰਾਂ ਅਤੇ ਮਹਿਲਾ ਕ੍ਰਿਕਟਰਾਂ ਦੀ ਤਨਖਾਹ 'ਚ ਵੀ ਵਾਧੇ ਨੂੰ ਮਨਜ਼ੂਰੀ ਦੇ ਦਿੱਤੀ। ਆਗਾਮੀ ਘਰੇਲੂ ਸੈਸ਼ਨ 'ਚ ਉੱਤਰ-ਪੂਰਬੀ ਸੂਬਿਆਂ ਅਤੇ ਬਿਹਾਰ ਦੀਆਂ ਟੀਮਾਂ ਨੂੰ ਪਲੇਟ ਵਰਗ 'ਚ ਉਤਾਰਨ ਦਾ ਫੈਸਲਾ ਕੀਤਾ ਗਿਆ। ਉੱਤਰਾਖੰਡ ਦੀ ਟੀਮ ਨੂੰ ਵੀ ਰਣਜੀ ਟਰਾਫੀ ਖੇਡਣ ਦੇ ਲਈ ਸੀ.ਓ.ਏ. ਦੀ ਮਨਜ਼ੂਰੀ ਮਿਲ ਗਈ ਸੀ ਪਰ ਆਮ ਸਭਾ ਨੇ ਉਸ ਨੂੰ ਹਰੀ ਝੰਡੀ ਨਹੀਂ ਦਿੱਤੀ।