ਕ੍ਰਿਕਟ ਫੈਨਜ਼ ਲਈ ਵੱਡਾ ਝਟਕਾ, ਕੋਰੋਨਾ ਵਾਇਰਸ ਕਾਰਨ ਮੁਲਤਵੀ ਹੋਈ ਇਹ ਵੱਡੀ ਸੀਰੀਜ਼

03/12/2020 2:08:32 PM

ਸਪੋਰਟਸ ਡੈਸਕ— ਕੋਰੋਨਾ ਵਾਇਰਸ ਦੇ ਕਹਿਰ ਦੇ ਚੱਲਦੇ ਬੰਗਲਾਦੇਸ਼ ਕ੍ਰਿਕਟ ਬੋਰਡ (ਬੀ. ਸੀ. ਬੀ.) ਨੇ ਵੱਡਾ ਫੈਸਲਾ ਲੈਂਦੇ ਹੋਏ ਏਸ਼ੀਆ ਇਲੈਵਨ ਅਤੇ ਵਰਲਡ ਇਲੈਵਨ ਵਿਚਾਲੇ ਖੇਡੇ ਜਾਣ ਵਾਲੇ ਦੋਵੇਂ ਟੀ-20 ਮੈਚ ਮੁਲਤਵੀ ਕਰ ਦਿੱਤੇ ਹਨ। ਏਸ਼ੀਆ ਅਤੇ ਵਰਲਡ ਇਲੈਵਨ ਦੇ ਵਿਚਾਲੇ ਇਹ ਦੋਨਾਂ ਮੈਚ 21 ਅਤੇ 22 ਮਾਰਚ ਨੂੰ ਖੇਡੇ ਜਾਣ ਵਾਲੇ ਸਨ ਪਰ ਹੁਣ ਇਸ ਨੂੰ ਮੁਲਤਵੀ ਕਰ ਦਿੱਤਾ ਗਿਆ ਹੈ। ਦੁਨੀਆਭਰ ’ਚ ਫੈਲੇ ਕੋਰੋਨਾ ਵਾਇਰਸ ਦੇ ਕਾਰਨ ਸਪੋਰਟਸ ਦੇ ਕੁਝ ਈਵੈਂਟ ਨੂੰ ਰੱਦ ਤਾਂ ਕਈ ਨੂੰ ਮੁਲਤਵੀ ਕਰਨਾ ਪਿਆ ਹੈ।

ਇਸ ਟੀ-20 ਸੀਰੀਜ਼ ’ਚ ਵਿਰਾਟ ਕੋਹਲੀ, ਲਸਿਥ ਮਲਿੰਗਾ ਅਤੇ ਕ੍ਰਿਸ ਗੇਲ ਵਰਗੇ ਸਟਾਰ ਕ੍ਰਿਕਟਰਾਂ ਨੇ ਹਿੱਸਾ ਲੈਣਾ ਸੀ। ਬੀ. ਸੀ. ਬੀ. ਪ੍ਰਧਾਨ ਨਜ਼ਮੁਲ ਹਸਨ ਨੇ ਕਿਹਾ, ਇਸ ਦੀ ਕੋਈ ਗਾਰੰਟੀ ਨਹੀਂ ਹੈ ਕਿ ਜਿਨ੍ਹਾਂ ਨੂੰ ਖੇਡਣਾ ਹੈ ਉਹ ਇੱਥੇ ਆ ਸਕਣ ਜਾਂ ਮੈਚਾਂ ਤੋ ਬਾਅਦ ਵਾਪਸ ਪਰਤ ਸਕਣ। ਉਨ੍ਹਾਂ ਨੇ ਕਿਹਾ, ਕਈ ਤਰ੍ਹਾਂ ਦੀਆਂ ਪਾਬੰਦੀਆਂ ਹਨ ਅਤੇ ਇਸ ਲਈ ਅਸੀਂ ਮੈਚਾਂ ਨੂੰ ਮੁਲਤਵੀ ਕਰ ਦਿੱਤਾ ਹੈ। ਅਸੀਂ ਹਾਲਤਾਂ ਦਾ ਆਕਲਨ ਕਰਨ ਤੋਂ ਬਾਅਦ ਇਕ ਮਹੀਨੇ ਬਾਅਦ ਇਨ੍ਹਾਂ ਮੈਚਾਂ ਦਾ ਆਯੋਜਨ ਕਰਾਂਗੇ। ਫਿਲਹਾਲ ਇਨ੍ਹਾਂ ਨੂੰ ਟਾਲ ਦਿੱਤਾ ਗਿਆ ਹੈ। ਹਸਨ ਨੇ ਕਿਹਾ ਕਿ ਮੈਚਾਂ ਨੂੰ ਅਗਲੀ ਸੂਚਨਾ ਤਕ ਮੁਲਤਵੀ ਕੀਤਾ ਗਿਆ ਹੈ।

ਦਸ ਦੇਈਏ ਏਸ਼ੀਆ ਇਲੈਵਨ ਦੀ ਟੀਮ ’ਚ ਭਾਰਤ ਵਲੋਂ ਕੇ. ਐੱਲ. ਰਾਹੁਲ, ਵਿਰਾਟ ਕੋਹਲੀ, ਸ਼ਿਖਰ ਧਵਨ, ਰਿਸ਼ਭ ਪੰਤ, ਮੁਹੰਮਦ ਸ਼ਮੀ ਅਤੇ ਕੁਲਦੀਪ ਯਾਦਵ ਜਿਹੇ ਖਿਡਾਰੀ ਸ਼ਾਮਲ ਸਨ। ਵਰਲਡ ਇਲੈਵਨ ਦੀ ਟੀਮ ’ਚ ਕ੍ਰਿਸ ਗੇਲ, ਕਾਇਰਨ ਪੋਲਾਰਡ, ਨਿਕੋਲਸ ਪੂਰਨ, ਜੌਨੀ ਬੇਅਰਸਟੋ ਜਿਹੇ ਖਿਡਾਰੀ ਖੇਡਣ ਵਾਲੇ ਸਨ। ਫੈਨਜ਼ ਦੇ ਕੋਲ ਇੱਕ ਰੰਗ ਮੰਚ ’ਤੇ ਇਨ੍ਹੇ ਸਾਰੇ ਖਿਡਾਰੀਆਂ ਨੂੰ ਇਕ-ਦੂਜੇ ਨਾਲ ਭਿੜਦੇ ਦੇਖਣ ਦਾ ਚੰਗਾ ਮੌਕਾ ਸੀ ਪਰ ਕੋਰੋਨਾ ਵਾਇਰਸ ਨੇ ਇਸ ’ਤੇ ਪਾਣੀ ਫੇਰ ਦਿੱਤਾ।