ਕੋਵਿਡ-19 ਜਾਂਚ ਨੈਗੇਟਿਵ ਆਉਣ ਦੇ ਬਾਅਦ ਕੇ. ਕੇ. ਆਰ. ਦੇ ਅਭਿਆਸ ਸੈਸ਼ਨ ਨਾਲ ਜੁੜੇ ਰਾਣਾ

04/03/2021 7:05:25 PM

ਮੁੰਬਈ— ਕੋਲਕਾਤਾ ਨਾਈਟ ਰਾਈਡਰਜ਼ (ਕੇ. ਕੇ. ਆਰ.) ਦੇ ਬੱਲੇਬਾਜ਼ ਨੀਤੀਸ਼ ਰਾਣਾ ਲਗਾਤਾਰ ਦੂਜੇ ਦਿਨ ਕੋਵਿਡ-19 ਜਾਂਚ ’ਚ ਨੈਗੇਟਿਵ ਆਉਣ ਦੇ ਬਾਅਦ ਇੱਥੇ ਅਭਿਆਸ ਸੈਸ਼ਨ ’ਚ ਟੀਮ ਦੇ ਸਾਥੀਆਂ ਨਾਲ ਜੁੜ ਗਏ। ਰਾਣਾ ਮੁੰਬਈ ’ਚ ਪਹੁੰਚਣ ਦੇ ਇਕ ਦਿਨ ਬਾਅਦ 22 ਮਾਰਚ ਨੂੰ ਕੋਵਿਡ -19 ਜਾਂਚ ’ਚ ਪਾਜ਼ੇਟਿਵ ਆਏ ਸਨ ਜਿਸ ਤੋਂ ਬਾਅਦ ਇਸ 27 ਸਾਲ ਦੇ ਖਿਡਾਰੀ ਦਾ ਇਕਾਂਤਵਾਸ ਵਧਾ ਕੇ 12 ਦਿਨ ਤਕ ਕਰ ਦਿੱਤਾ ਗਿਆ। 

ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ. ਆਈ.) ਵੱਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਦੇ ਬਾਅਦ ਰਾਣਾ 11ਵੇਂ ਤੇ 12ਵੇਂ ਦਿਨ ਤਕ ਦੋ ਨੈਗੇਟਿਵ ਜਾਂਚ ਆਉਣ ਤਕ ਆਪਣੇ ਕਮਰੇ ’ਚ ਹੀ ਰੁਕੇ ਰਹੇ। ਰਾਣਾ ਨੇ ਕੋਲਕਾਤਾ ਨਾਈਟ ਰਾਈਡਰਜ਼ ਵੱਲੋਂ ਜਾਰੀ ਵੀਡੀਓ ’ਚ ਕਿਹਾ, ‘‘ਅੰਤ ’ਚ ਮੈਂ ਹੁਣ ਬਾਹਰ ਆ ਗਿਆ ਹਾਂ ਤੇ ਹੁਣ ਮੈਂ ਬਿਲਕੁਲ ਠੀਕ ਹਾਂ। ਅਭਿਆਸ ਦਾ ਇਹ ਮੇਰਾ ਪਹਿਲਾ ਦਿਨ ਸੀ ਤੇ ਮੈਂ ਥੋੜ੍ਹੀ ਬੱਲੇਬਾਜ਼ੀ ਵੀ ਕੀਤੀ। ਕੇ. ਕੇ. ਆਰ. ਟੀਮ ਦੇ ਸਾਥੀਆਂ ਨਾਲ ਅੱਜ ਜੁੜ ਕੇ ਕਾਫ਼ੀ ਖ਼ੁਸ਼ ਹਾਂ।’’ ਉਨ੍ਹਾਂ ਕਿਹਾ, ‘‘ਕਿਰਪਾ ਕਰਕੇ ਸਾਵਧਾਨੀ ਵਰਤੋ ਤੇ ਇਸ ਨੂੰ (ਕੋਵਿਡ-19) ਨੂੰ ਹਲਕੇ ’ਚ ਨਾ ਲਵੋ। ਤੁਹਾਨੂੰ ਨਹੀਂ ਪਤਾ ਕਿ ਅੱਗੇ ਕੀ ਹੋਵੇਗਾ। ਇਸ ਲਈ ਆਪਣਾ ਤੇ ਆਪਣੇ ਪਰਿਵਾਰ ਦਾ ਧਿਆਨ ਰੱਖੋ। ਸੁਰੱਖਿਅਤ ਰਹੋ।’’

ਰਾਣਾ ਨੇ ਸੰਯੁਕਤ ਅਰਬ ਅਮੀਰਾਤ ’ਚ ਹੋਏ ਆਈ. ਪੀ. ਐੱਲ. ਦੇ 2020 ਦੇ ਸੈਸ਼ਨ ਦੇ 14 ਮੈਚਾਂ ’ਚ 352 ਦੌੜਾਂ ਬਣਾਈਆਂ ਸਨ। ਹਾਲ ਹੀ ’ਚ ਖ਼ਤਮ ਹੋਈ ਵਿਜੇ ਹਜ਼ਾਰੇ ਟਰਾਫ਼ੀ ਵਨ-ਡੇ ’ਚ ਰਾਣਾ ਦਿੱਲੀ ਦੇ ਲਈ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਖਿਡਾਰੀ ਰਹੇ ਜਿਸ ’ਚ ਉਸ ਨੇ 7 ਮੈਚਾਂ ’ਚ 66.33 ਦੇ ਔਸਤ ਨਾਲ 298 ਦੌੜਾਂ ਬਣਾਈਆਂ। ਇਹ ਦੇਖਣਾ ਹੋਵੇਗਾ ਕਿ ਉਹ 11 ਅਪ੍ਰੈਲ ਨੂੰ ਸਨਰਾਈਜ਼ਰਜ਼ ਹੈਦਰਾਬਾਦ ਖ਼ਿਲਾਫ਼ ਸੈਸ਼ਨ ਦੇ ਸ਼ੁਰੂਆਤੀ ਮੁਕਾਬਲੇ ’ਚ ਕੇ. ਕੇ. ਆਰ. ਲਈ ਖੇਡਣ ਲਈ ਫ਼ਿਟ ਹੋਣਗੇ ਜਾਂ ਨਹੀਂ।  

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।  
      


Tarsem Singh

Content Editor

Related News