BAN v AFG : ਬੰਗਲਾਦੇਸ਼ ਨੇ ਅਫਗਾਨਿਸਤਾਨ ਨੂੰ 61 ਦੌੜਾਂ ਨਾਲ ਹਰਾ ਕੇ ਬਣਾਈ 1-0 ਦੀ ਅਜੇਤੂ ਬੜ੍ਹਤ

03/03/2022 7:59:01 PM

ਢਾਕਾ- ਵਿਕਟਕੀਪਰ ਬੱਲੇਬਾਜ਼ ਲਿਟਨ ਦਾਸ (60) ਦੇ ਸ਼ਾਨਦਾਰ ਅਰਧ ਸੈਂਕੜੇ ਅਤੇ ਫਿਰ ਨਸੁਮ ਅਹਿਮਦ (10 ਦੌੜਾਂ 'ਤੇ ਚਾਰ ਵਿਕਟਾਂ) ਅਤੇ ਸ਼ਰੀਫੁਲ ਇਸਲਾਮ (29 ਦੌੜਾਂ 'ਤੇ ਤਿੰਨ ਵਿਕਟਾਂ) ਦੀ ਘਾਤਕ ਗੇਂਦਬਾਜ਼ੀ ਦੀ ਬਦੌਲਤ ਬੰਗਲਾਦੇਸ਼ ਨੇ ਵੀਰਵਾਰ ਨੂੰ ਇੱਥੇ ਪਹਿਲੇ ਟੀ-20 ਕ੍ਰਿਕਟ ਮੈਚ ਵਿਚ ਅਫਗਾਨਿਸਤਾਨ ਨੂੰ ਇਕਪਾਸੜ ਅੰਦਾਜ਼ ਵਿਚ 61 ਦੌੜਾਂ ਨਾਲ ਹਰਾ ਕੇ 1-0 ਦੀ ਅਜੇਤੂ ਬੜ੍ਹਤ ਬਣਾ ਲਈ ਹੈ। 


ਮੇਜ਼ਬਾਨ ਬੰਗਲਾਦੇਸ਼ ਨੇ ਟਾਸ ਜਿੱਤ ਕੇ ਬੱਲੇਬਾਜ਼ੀ ਕੀਤੀ ਅਤੇ ਬੱਲੇਬਾਜ਼ ਲਿਟਨ ਦੀ ਅਰਧ ਸੈਂਕੜੇ ਵਾਲੀ ਪਾਰੀ ਦੀ ਬਦੌਲਤ 20 ਓਵਰਾਂ ਵਿਚ ਅੱਠ ਵਿਕਟਾਂ 'ਤੇ 155 ਦੌੜਾਂ ਦਾ ਚੁਣੌਤੀਪੂਰਨ ਸਕੋਰ ਬਣਾਇਆ। ਜਵਾਬ ਵਿਚ ਅਫਗਾਨਿਸਤਾਨ ਦੀ ਟੀਮ 17.4 ਓਵਰਾਂ ਵਿਚ 94 ਦੌੜਾਂ 'ਤੇ ਢੇਰ ਹੋ ਗਈ। ਬੰਗਲਾਦੇਸ਼ ਨੂੰ ਵਧੀਆ ਸ਼ੁਰੂਆਤ ਨਹੀਂ ਮਿਲੀ ਅਤੇ ਸਿਰਫ 47 ਦੌੜਾਂ ਦੇ ਅੰਦਰ ਉਸਨੇ ਆਪਣੀਆਂ ਤਿੰਨ ਵਿਕਟਾਂ ਗੁਆ ਦਿੱਤੀਆਂ । ਮੁਹੰਮਦ ਨਈਮ 10, ਮੁਨੀਮ ਸ਼ਹਰਿਆਰ 25 ਅਤੇ ਸ਼ਾਕਿਬ ਅਲ ਹਸਨ 47 ਦੇ ਸਕੋਰ 'ਤੇ ਆਊਟ ਹੋਏ ਪਰ ਇਸ ਤੋਂ ਬਾਅਦ ਹੋਈ 2 ਮਹੱਤਵਪੂਰਨ ਸਾਂਝੇਦਾਰੀਆਂ ਨੇ ਬੰਗਲਾਦੇਸ਼ ਨੂੰ 20 ਓਵਰਾਂ ਵਿਚ 8 ਵਿਕਟਾਂ 'ਤੇ 155 ਦੇ ਚੁਣੌਤੀਪੂਰਨ ਸਕੋਰ ਤੱਕ ਪਹੁੰਚਾਇਆ। 


ਗੇਂਦਬਾਜ਼ੀ ਵਿਚ ਨਸੁਮ ਨੇ ਚਾਰ ਓਵਰਾਂ ਵਿਚ ਸਿਰਫ 10 ਦੌੜਾਂ 'ਤੇ ਚਾਰ ਅਤੇ ਸ਼ਰੀਫੁਲ ਨੇ ਤਿੰਨ ਓਵਰਾਂ ਵਿਚ 3.4 ਓੲਰਾਂ ਵਿਚ 29 ਦੌੜਾਂ 'ਤੇ ਤਿੰਨ ਵਿਕਟਾਂ ਹਾਸਲ ਕੀਤੀਆਂ। ਨਸੁਮ ਨੂੰ ਸ਼ਾਨਦਾਰ ਪ੍ਰਦਰਸ਼ਨ ਦੇ ਲਈ ਪਲੇਅਰ ਆਫ ਦਿ ਮੈਚ ਚੁਣਿਆ ਗਿਆ। ਅਫਗਾਨਿਸਤਾਨ ਦੇ ਲਈ ਨਜੀਬੁੱਲਾਹ ਜਾਦਰਾਨ ਨੇ ਇਕ ਚੌਕੇ ਅਤੇ ਇਕ ਛੱਕੇ ਦੀ ਮਦਦ ਨਾਲ 26 ਗੇਂਦਾਂ ਵਿਚ ਸਭ ਤੋਂ ਜ਼ਿਆਧਾ 27 ਦੌੜਾਂ ਬਣਾਈਆਂ, ਜਦਕਿ ਗੇਂਦਬਾਜ਼ੀ ਵਿਚ ਫਜਹਲਕ ਫਾਰੂਕੀ ਅਤੇ ਅਜਮਤੁੱਲਾਹ ਓਮਰਜਈ ਨੇ 2-2, ਜਦਕਿ ਰਾਸ਼ਿਦ ਖਾਨ ਅਤੇ ਕੈਮ ਅਹਿਮਦ ਨੇ 1-1 ਵਿਕਟ ਹਾਸਲ ਕੀਤੀ। ਦੋਵਾਂ ਟੀਮਾਂ ਦੇ ਵਿਚ ਹੁਣ ਸ਼ਨੀਵਾਰ ਨੂੰ ਇੱਥੇ ਸੀਰੀਜ਼ ਦਾ ਦੂਜਾ ਅਤੇ ਆਖਰੀ ਮੈਚ ਖੇਡਿਆ ਜਾਵੇਗਾ। ਬੰਗਲਾਦੇਸ਼ ਨੇ ਹਾਲਾਂਕਿ 1-0 ਦੀ ਅਜੇਤੂ ਬੜ੍ਹਤ ਬਣਾ ਲਈ ਹੈ।

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।

Gurdeep Singh

This news is Content Editor Gurdeep Singh