ਤਿਕੋਣੀ ਸੀਰੀਜ਼ ''ਚ ਸ਼ਾਕਿਬ ਬੰਗਲਾਦੇਸ਼ ਦਾ ਕਪਤਾਨ

02/27/2018 2:03:47 AM

ਢਾਕਾ— ਬੰਗਲਾਦੇਸ਼ ਕ੍ਰਿਕਟ ਬੋਰਡ (ਬੀ. ਸੀ. ਬੀ.) ਨੇ 6 ਮਾਰਚ ਤੋਂ ਭਾਰਤ ਤੇ ਮੇਜ਼ਬਾਨ ਸ਼੍ਰੀਲੰਕਾ ਵਿਰੁੱਧ ਹੋਣ ਵਾਲੀ ਟੀ-20 ਤਿਕੋਣੀ ਸੀਰੀਜ਼ ਲਈ ਆਲਰਾਊਂਡਰ ਸ਼ਾਕਿਬ ਅਲ ਹਸਨ ਨੂੰ ਟੀਮ ਦਾ ਨਵਾਂ ਕਪਤਾਨ ਨਿਯੁਕਤ ਕੀਤਾ ਹੈ। ਸ਼ਾਕਿਬ ਤੋਂ ਇਲਾਵਾ ਵੈਸਟਇੰਡੀਜ਼ ਦਾ ਸਾਬਕਾ ਤੇਜ਼ ਗੇਂਦਬਾਜ਼ ਕਰਟਨੀ ਵਾਲਸ਼ ਟੂਰਨਾਮੈਂਟ ਵਿਚ ਟੀਮ ਦਾ ਪ੍ਰਮੁੱਖ ਕੋਚ ਹੋਵੇਗਾ। ਸ਼ਾਕਿਬ ਨੂੰ ਸ਼੍ਰੀਲੰਕਾ ਵਿਰੁੱਧ ਪਿਛਲੇ ਮਹੀਨੇ ਹੋਈ ਤਿਕੋਣੀ ਵਨ ਡੇ ਸੀਰੀਜ਼ ਦੇ ਫਾਈਨਲ 'ਚ ਉਂਗਲੀ 'ਤੇ ਸੱਟ ਲੱਗ ਗਈ ਸੀ। ਉਸ ਨੂੰ ਟੈਸਟ ਟੀਮ ਦਾ ਵੀ ਕਪਤਾਨ ਬਣਾਇਆ ਗਿਆ ਸੀ ਪਰ ਸੱਟ ਕਾਰਨ ਉਹ ਦੋ ਮੈਚਾਂ ਦੀ ਟੈਸਟ ਸੀਰੀਜ਼ 'ਚ ਨਹੀਂ ਖੇਡ ਸਕਿਆ ਸੀ।