ਹਾਕੀ ਖਿਡਾਰੀ ਬਲਬੀਰ ਸੀਨੀਅਰ ਦੀ ਹਾਲਤ ''ਚ ਨਹੀਂ ਹੋਇਆ ਸੁਧਾਰ

05/16/2020 12:11:29 PM

ਚੰਡੀਗੜ੍ਹ (ਲਲਨ) : ਮੋਹਾਲੀ ਦੇ ਫੋਰਟਿਸ ਹਸਪਤਾਲ 'ਚ ਭਰਤੀ ਦਿੱਗਜ ਹਾਕੀ ਖਿਡਾਰੀ ਪਦਮਸ਼੍ਰੀ ਬਲਬੀਰ ਸਿੰਘ ਸੀਨੀਅਰ ਦੀ ਹਾਲਤ ਲਗਾਤਾਰ ਵਿਗੜਦੀ ਜਾ ਰਹੀ ਹੈ। ਉਨ੍ਹਾਂ ਨੂੰ ਪਿਛਲੇ 4 ਦਿਨਾਂ ਤੋਂ 3 ਵਾਰ ਕਾਰਡੀਅਕ ਅਟੈਕ ਆ ਚੁੱਕਾ ਹੈ। ਬਲਬੀਰ ਸਿੰਘ ਸੀਨੀਅਰ ਦੇ ਦੋਹਤੇ ਕਬੀਰ ਨੇ ਦੱਸਿਆ ਕਿ ਵੈਂਟੀਲੇਟਰ ਦੇ ਸਹਾਰੇ ਉਨ੍ਹਾਂ ਦੇ ਸਾਹ ਚੱਲ ਰਹੇ ਹਨ ਅਤੇ ਅਜੇ ਤੱਕ ਉਨ੍ਹਾਂ ਦੀ ਹਾਲਤ ਚਿੰਤਾਜਨਕ ਹੈ। ਉਹ ਆਈ. ਸੀ. ਯੂ. 'ਚ ਹਨ ਅਤੇ ਲਗਾਤਾਰ ਡਾਕਟਰ ਉਨ੍ਹਾਂ 'ਤੇ ਨਿਗਰਾਨੀ ਰੱਖ ਰਹੇ ਹਨ।

ਉਨ੍ਹਾਂ ਨੇ ਕਿਹਾ ਕਿ ਇਸ ਤੋਂ ਪਹਿਲਾਂ ਵੀ ਨਾਨਾ ਜੀ 2-2 ਮਹੀਨੇ ਵੈਂਟੀਲੇਟਰ 'ਤੇ ਰਹੇ ਹਨ ਅਤੇ ਹਰ ਵਾਰ ਚੈਂਪੀਅਨ ਦੀ ਤਰ੍ਹਾਂ ਬੀਮਾਰੀ ਨੂੰ ਹਰਾ ਕੇ ਬਾਹਰ ਨਿਕਲੇ ਹਨ। ਸਾਨੂੰ ਉਮੀਦ ਹੈ ਕਿ ਇਸ ਵਾਰ ਵੀ ਉਹ ਜਲਦੀ ਹੀ ਤੰਦਰੁਸਤ ਹੋ ਕੇ ਘਰ ਵਾਪਸ ਪਰਤਣਗੇ। ਬਲਬੀਰ ਸਿੰਘ ਨੂੰ ਨਿਮੋਨੀਆ ਦੀ ਸ਼ਿਕਾਇਤ ਤੋਂ ਬਾਅਦ ਬੀਤੇ ਸ਼ੁੱਕਰਵਾਰ ਨੂੰ ਮੋਹਾਲੀ ਦੇ ਫੋਰਟਿਸ ਹਸਪਤਾਲ 'ਚ ਭਰਤੀ ਕਰਾਇਆ ਗਿਆ ਸੀ, ਜਿੱਥੇ ਉਨ੍ਹਾਂ ਨੂੰ ਵੈਂਟੀਲੇਟਰ 'ਤੇ ਰੱਖਿਆ ਗਿਆ ਸੀ। ਡਾਕਟਰਾਂ ਵਲੋਂ ਉਨ੍ਹਾਂ ਦੇ ਕੋਰੋਨਾ ਟੈਸਟ ਵੀ ਲਏ ਗਏ ਸਨ ਪਰ ਉਨ੍ਹਾਂ ਦੀ ਰਿਪੋਰਟ ਨੈਗੇਟਿਵ ਆਈ ਸੀ। ਜ਼ਿਕਰਯੋਗ ਹੈ ਕਿ ਬਲਬੀਰ ਸਿੰਘ ਸੀਨੀਅਰ ਨੇ ਲੰਡਨ, ਹੇਲਸਿੰਕੀ ਅਤੇ ਮੈਲਬੋਰਨ ਓਲੰਪਿਕ 'ਚ ਭਾਰਤ ਨੂੰ ਸੋਨ ਤਮਗਾ ਜਿੱਤਣ 'ਚ ਅਹਿਮ ਭੂਮਿਕਾ ਨਿਭਾਈ ਸੀ। ਉਨ੍ਹਾਂ ਨੇ ਹੇਲਸਿੰਕੀ ਓਲੰਪਿਕ 'ਚ ਨੀਦਰਲੈਂਡ ਖਿਲਾਫ ਜਿੱਤ 'ਚ 5 ਗੋਲ ਕੀਤੇ ਅਤੇ ਇਹ ਰਿਕਾਰਡ ਹਾਲੇ ਵੀ ਬਰਕਰਾਰ ਹੈ। ਬਲਬੀਰ ਸੀਨੀਅਰ 1975 ਦੀ ਵਿਸ਼ਵ ਕੱਪ ਜੇਤੂ ਭਾਰਤੀ ਹਾਕੀ ਟੀਮ ਦੇ ਮੈਨੇਜਰ ਵੀ ਰਹਿ ਚੁੱਕੇ ਹਨ।
 

Babita

This news is Content Editor Babita